ਮਨੁੱਖ ਦਾ ਜਨਮ ਪ੍ਰਕਿਰਤੀ ਦੀ ਗੋਦ 'ਚੋਂ ਸਾਕਾਰ ਹੋਇਆ। ਹਰੇ-ਭਰੇ ਜੰਗਲ, ਫੁੱਲ-ਫਲ ਤੇ ਦਰੱਖ਼ਤ ਮਨੁੱਖ ਦੇ ਨਾਲ-ਨਾਲ ਵਿਚਰਦੇ ਰਹੇ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਬਨਸਪਤੀ ਦੇ ਅਮੁੱਲ ਭੰਡਾਰ ਦੇ ਦਰਸ਼ਨ ਹੁੰਦੇ ਹਨ। ਗੁਰੂ ਜੀ ਨੇ ਪੇੜ-ਪੌਦਿਆਂ, ਫਲ-ਫੁੱਲਾਂ, ਜੜ੍ਹੀ-ਬੂਟੀਆਂ ਦੇ ਸੁਭਾਅ ਨੂੰ ਪ੍ਰਭੂ ਮਿਲਾਪ ਦੇ ਪ੍ਰਤੀਕਾਂ ਵਜੋਂ ਬਾਣੀ 'ਚ ਅਜਿਹੀ ਢੁੱਕਵੀਂ ਵਰਤੋਂ ਕੀਤੀ ਹੈ ਕਿ ਹਰ ਬਿੰਬ ਜੀਵੰਤ ਸਰੂਪ ਧਾਰ ਕੇ ਮਨੁੱਖ ਨੂੰ ਰੂਹਾਨੀ ਅਨੁਭਵ ਤੇ ਰੱਬੀ ਦੀਦਾਰ ਨਾਲ ਜੋੜੀ ਰੱਖਦਾ ਹੈ।

ਘਾਹ

ਘਾਹ ਨੂੰ ਆਸ, ਤ੍ਰਿਣ, ਕੱਖ, ਘਾਹ-ਫੂਸ, ਘਾਸ ਦਾ ਪੂਲਾ, ਪੱਠਾ, ਕੜਾਸਣ, ਕੁਸ਼ਾਚ ਆਸਣ, ਕੜਾ ਘਾਹ, ਜੋ ਨਾਗੇ ਸਾਧੂ ਆਪਣੀ ਲੰਗੋਟੀ ਨਾਲ ਬੰਨ੍ਹਦੇ ਹਨ, ਕਾਹਸਿ-ਕਾਹੀ ਘਾਹ, ਸਰਕੜਾ, ਸਰਕੰਡਾ, ਕਾਨਾ ਆਦਿ ਕਈ ਨਾਂ ਪ੍ਰਚਲਿਤ ਹਨ। ਅੰਗਰੇਜ਼ੀ ਵਿਚ ਇਸ ਨੂੰ 'Reed Willow ਅਤੇ ਬਨਸਪਤੀ ਵਿਗਿਆਨ ਵਿਚ Sacchrum Mnnga ਆਖਦੇ ਹਨ। ਫੁੱਲ ਪੈਦਾ ਕਰਨ ਵਾਲੀਆਂ ਬਹੁਤ ਸਾਰੀਆਂ ਕੁਲਾਂ ਦੇ ਪੌਦੇ ਘਾਹ ਵਰਗੇ ਹੁੰਦੇ ਹਨ ਪ੍ਰੰਤੂ 6 ਹਜ਼ਾਰ ਤੋਂ 10 ਹਜ਼ਾਰ ਜਾਤੀਆਂ ਦੇ ਇਹ ਪੌਦੇ ਪੋਏਸੀ ਕੁਲ ਅਤੇ ਪੋਏਲਜ਼ ਆਰਡਰ ਦੇ ਮੈਂਬਰ ਹਨ, ਇਹ ਅਸਲੀ ਘਾਹ ਹਨ। ਭਾਵੇਂ ਉਹੀ ਪੌਦੇ, ਜੋ ਗ੍ਰੈਮਿਨੀ ਕੁਲ ਦੇ ਮੈਂਬਰ ਹਨ, ਉਨ੍ਹਾਂ ਨੂੰ ਵੀ ਘਾਹ ਕਿਹਾ ਜਾਂਦਾ ਹੈ। ਖੇਤੀਬਾੜੀ ਵਿਚ 'ਘਾਹ' ਦੀ ਬਹੁਤ ਮਹੱਤਤਾ ਹੈ, ਕਿਉਂਕਿ ਇਸ ਵਿਚ ਚਾਰੇ ਵਾਲੇ ਪੌਦੇ ਵੀ ਸ਼ਾਮਲ ਹਨ, ਖ਼ਾਸ ਕਰਕੇ ਫਲੀਦਾਰ ਪੌਦੇ। ਆਰ. ਪੂਲ ਨਾਂ ਦੇ ਵਿਗਿਆਨੀ ਨੇ 1948 ਵਿਚ ਅੰਦਾਜ਼ਾ ਲਗਾਇਆ ਕਿ ਸੰਸਾਰ ਦੀ ਬਨਸਪਤੀ ਦਾ 30 ਫ਼ੀਸਦੀ ਹਿੱਸਾ ਘਾਹ ਦੇ ਪ੍ਰਭਾਵ ਹੇਠ ਹੈ। ਘਾਹ ਦੇ ਪ੍ਰਮੁੱਖ ਖਿੱਤੇ ਰੂਸ, ਦੱਖਣੀ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਅਤੇ ਸਵਾਨਾ ਹਨ। ਘਾਹ ਦੇ ਪੌਦੇ ਖੁੱਲ੍ਹੇ ਥਾਵਾਂ 'ਤੇ ਪੈਦਾ ਹੁੰਦੇ ਹਨ ਅਤੇ ਇਹ ਸੰਘਣੇ ਜੰਗਲਾਂ ਵਿਚ ਬਹੁਤ ਘੱਟ ਵਿਖਾਈ ਦਿੰਦੇ ਹਨ। ਕੁਝ ਚੌੜੇ ਪੱਤਿਆਂ ਵਾਲੀਆਂ ਜਾਤੀਆਂ ਊਸ਼ਣਖੰਡੀ ਜੰਗਲਾਂ ਵਿਚ ਮਿਲਦੀਆਂ ਹਨ। ਘਾਹ ਦੀਆਂ ਲਗਪਗ 500 ਪ੍ਰਜਾਤੀਆਂ ਅਤੇ 5000 ਜਾਤੀਆਂ ਹਨ। ਘਾਹ ਦਾ ਵਰਗੀਕਰਨ ਇਨ੍ਹਾਂ ਦੀਆਂ ਬਨਸਪਤੀ ਰਚਨਾਵਾਂ ਦੇ ਅਧਿਐਨ ਨਾਲ ਹੀ ਸੰਭਵ ਹੋ ਸਕਿਆ ਹੈ। ਈਹੈਕਲ ਵਿਗਿਆਨੀ (1887) ਨੇ ਆਪਣੀ ਕਿਤਾਬ 'ਗ੍ਰੈਮਿਨੀ' ਵਿਚ ਨੂੰ ਕੁੱਲ 13 ਸ੍ਰੇਣੀਆਂ ਵਿਚ ਵੰਡਿਆ ਹੈ।

ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਘਾਹ ਦਾ ਜ਼ਿਕਰ ਇਸ ਪ੍ਰਕਾਰ ਆਇਆ ਹੈ।

- ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ (63)

- ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ (143)

- ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ (144)

- ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ (144)

- ਕਾਂਇਆ ਕੜਾਸਣੁ ਮਨੁ ਜਾਗੋਟੀ (939)

- ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ (1109)

- ਡਾ. ਜਸਬੀਰ ਸਿੰਘ ਸਰਨਾ

99065-66604

Posted By: Harjinder Sodhi