ਮਨੁੱਖ ਦਾ ਜਨਮ ਪ੍ਰਕਿਰਤੀ ਦੀ ਗੋਦ 'ਚੋਂ ਸਾਕਾਰ ਹੋਇਆ। ਹਰੇ-ਭਰੇ ਜੰਗਲ, ਫੁੱਲ-ਫਲ ਤੇ ਦਰੱਖ਼ਤ ਮਨੁੱਖ ਦੇ ਨਾਲ-ਨਾਲ ਵਿਚਰਦੇ ਰਹੇ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਬਨਸਪਤੀ ਦੇ ਅਮੁੱਲ ਭੰਡਾਰ ਦੇ ਦਰਸ਼ਨ ਹੁੰਦੇ ਹਨ। ਗੁਰੂ ਜੀ ਨੇ ਪੇੜ-ਪੌਦਿਆਂ, ਫਲ-ਫੁੱਲਾਂ, ਜੜ੍ਹੀ-ਬੂਟੀਆਂ ਦੇ ਸੁਭਾਅ ਨੂੰ ਪ੍ਰਭੂ ਮਿਲਾਪ ਦੇ ਪ੍ਰਤੀਕਾਂ ਵਜੋਂ ਬਾਣੀ 'ਚ ਅਜਿਹੀ ਢੁੱਕਵੀਂ ਵਰਤੋਂ ਕੀਤੀ ਹੈ ਕਿ ਹਰ ਬਿੰਬ ਜੀਵੰਤ ਸਰੂਪ ਧਾਰ ਕੇ ਮਨੁੱਖ ਨੂੰ ਰੂਹਾਨੀ ਅਨੁਭਵ ਤੇ ਰੱਬੀ ਦੀਦਾਰ ਨਾਲ ਜੋੜੀ ਰੱਖਦਾ ਹੈ।

ਚਾਵਲ

ਚਾਵਲਾਂ ਨੂੰ ਚੌਲ, ਮੁੰਜੀ, ਝੋਨਾ, ਧਾਨ, ਤੁੰਡਲ ਚਾਉਲ, ਧਾਨ ਦਾ ਬੀਜ ਆਦਿ ਵੀ ਆਖਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿਚ 'ਰਾਈਸ' ਆਖਦੇ ਹਨ ਤੇ ਇਸ ਦਾ ਬਨਸਪਤੀ ਨਾਂ ')ry੍ਰa Sativa ਹੈ। ਇਹ ਪ੍ਰਸਿੱਧ ਅਨਾਜ ਆਮ ਤੌਰ 'ਤੇ ਸਫ਼ੈਦ ਰੰਗ ਦਾ ਹੁੰਦਾ ਹੈ। ਇਸ ਦੀ ਉਤਪਤੀ ਦੱਖਣ-ਪੂਰਬ ਏਸ਼ੀਆ 'ਚ ਹੋਈ ਮੰਨੀ ਜਾਂਦੀ ਹੈ। ਮੁੱਢ ਤੋਂ ਚਾਵਲ ਬੀਜਣ ਦੀ ਕ੍ਰਿਆ ਧਾਰਮਿਕ ਨੁਕਤਾ-ਨਿਗਾਹ ਤੋਂ ਕੀਤੀ ਜਾਂਦੀ ਸੀ। ਸੰਸਾਰ ਦੇ 50 ਫ਼ੀਸਦੀ ਲੋਕ ਇਸ ਅਨਾਜ 'ਤੇ ਨਿਰਭਰ ਹਨ। ਵੈਦਿਕ ਸਾਹਿਤ ਉੱਚ ਜੰਗਲੀ ਚਾਵਲ 'ਨੀਵਾਰਾ' ਦਾ ਅਤੇ ਅਥਰਵ ਵੇਦ ਵਿਚ 'ਵੀਰਹੀ' ਨਾਂ ਦੇ ਚਾਵਲਾਂ ਦਾ ਬਾਖ਼ੂਬੀ ਜ਼ਿਕਰ ਆਇਆ ਹੈ। ਚੀਨ, ਜਾਪਾਨ, ਕੋਰੀਆ, ਫਿਲਪੀਨ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚ ਇਹ ਕਣਕ ਤੋਂ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਫ਼ਸਲ ਦੀ ਉਤਪਤੀ ਬਾਰੇ ਧਾਰਨਾ ਹੈ ਕਿ ਦੱਖਣੀ ਭਾਰਤ ਦੇ ਊਸ਼ਣ-ਖੰਡੀ ਇਲਾਕੇ ਵਿਚ ਉਤਪੰਨ ਹੋਈ ਅਤੇ ਪੂਰਬੀ ਪਾਸੇ ਵੱਲ ਚੀਨ ਅਤੇ ਪੱਛਮ ਵੱਲ ਪਰਸ਼ੀਆ ਅਤੇ ਮਿਸਰ ਵਿਚ 5 ਹਜ਼ਾਰ ਸਾਲ ਪਹਿਲਾਂ ਫੈਲ ਗਈ। ਦੂਸਰੀਆਂ ਅਨਾਜ ਵਾਲੀਆਂ ਕਿਸਮਾਂ ਇੱਕੋ ਹੀ ਜਾਤੀ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੇ ਕ੍ਰੋਮੋਜ਼ੋਮਜ਼ ਦੇ ਇਕ ਦਰਜਨ ਜੋੜੇ ਹੁੰਦੇ ਹਨ। ਇਸ ਦਾ ਪੌਦਾ ਇਕ ਸਾਲ ਉਮਰ ਵਾਲਾ ਹੁੰਦਾ ਹੈ ਤੇ ਇਹ 0.6 ਤੋਂ 1.8 ਮੀਟਰ ਤਕ ਉੱਚਾ ਹੋ ਸਕਦਾ ਹੈ। ਚਾਵਲ ਜਾ ਝੋਨੇ ਕਾਫ਼ੀ ਝਾੜ ਮਾਰਦਾ ਹੈ। ਇਸ ਦੀ ਖੇਤ ਵਿਚ ਗਿਣਤੀ ਪੌਦੇ ਤੋਂ ਪੌਦੇ ਦੀ ਦੂਰੀ ਅਤੇ ਜ਼ਮੀਨ ਦੀ ਕਿਸਮ ਉੱਪਰ ਨਿਰਭਰ ਕਰਦੀ ਹੈ। ਇਸ ਦੀਆਂ ਬਹੁਤ ਸਾਰੀਆਂ ਕਿਸਮਾਂ 120 ਦਿਨਾਂ ਵਿਚ ਪੱਕ ਜਾਂਦੀਆਂ ਹਨ। ਇਹ ਫ਼ਸਲ ਵੱਧ ਤਾਪਮਨ ਅਤੇ ਨਮੀ ਵਾਲੇ ਹਾਲਾਤ ਵਿਚ ਬਹੁਤ ਚੰਗੀ ਤਰ੍ਹਾਂ ਵੱਧਦੀ ਫੁੱਲਦੀ ਹੈ।

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਇਸ ਦਾ ਜ਼ਿਕਰ ਧਾਨੁ, ਚਾਵਲ ਅਤੇ ਪਿੰਡੁ ਕਰ ਕੇ ਆਇਆ ਹੈ :

-ਪਿੰਡ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ (358)

- ਇਕ ਜੋਕੀ ਹੋਰੁ ਛਮਿ ਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ (358)

- ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ (471)

- ਮਲੇਛ ਧਾਨੁ ਲੇ ਪੂਜਹਿ ਪੁਰਾਣੁ(472)

- ਜਤੁ ਸਤੁ ਚਾਵਲ ਦਇਆ ਕਵਨ ਕਰਿ ਪ੍ਰਾਪਤਿ ਪਾਤੀ ਧਾਨੁ (1329)

ਡਾ. ਜਸਬੀਰ ਸਿੰਘ ਸਰਨਾ

99065-66604

Posted By: Harjinder Sodhi