ਗੁਰੂ ਨਾਨਕ ਸਾਹਿਬ ਪਰਮਾਤਮਾ-ਸਰੂਪ ਹਨ। ਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨੇ ਦੀ ਕਿਰਤ ਤੇ ਕੀਰਤਨ ਦੀ ਲੋਰ ਨੇ ਅੰਮ੍ਰਿਤ ਵੇਲੇ ਹੀ ਸ਼ਹਿਰ ਵਿਚ ਆਲੌਕਿਕ ਰੰਗ ਬੰਨ੍ਹਿਆ। ਇਥੇ ਹੀ ਭਾਈਆ ਜੈ ਰਾਮ ਤੇ ਭੈਣ ਨਾਨਕੀ ਜੀ ਦੇ ਘਰੋਂ ਵੇਈਂ ਨਦੀ 'ਤੇ ਇਸ਼ਨਾਨ ਕਰਨ ਜਾਂਦੇ ਇਕ ਦਿਨ ਉਨ੍ਹਾਂ ਨੂੰ ਪਰਮੇਸ਼ਰ ਦੀ ਦਰਗਾਹੇ ਸੱਦਿਆ ਗਿਆ, ਜਿੱਥੋਂ ਉਹ ਸਤਿਨਾਮ ਦੇ ਪ੍ਰਚਾਰ ਦੀ ਵੱਡੀ ਜ਼ਿੰਮੇਵਾਰੀ ਲੈ ਕੇ ਜਗਤ ਕਲਿਆਣ ਲਈ ਨਿੱਤਰੇ। ਗੁਰੂ ਨਾਨਕ ਸਾਹਿਬ ਨੇ ਚਾਰੇ ਦਿਸ਼ਾਵਾਂ 'ਚ ਫੇਰੀਆਂ ਪਾ ਕੇ ਜਗਤ ਦਾ ਕਲਿਆਣ ਕੀਤਾ। ਪੱਛਮ ਦਿਸ਼ਾ ਵੱਲ ਅਰਬ ਦੇਸ਼ਾਂ ਤੋਂ ਦੱਖਣ ਵਿਚ ਸ਼੍ਰੀਲੰਕਾ, ਪੂਰਬ ਵਿਚ ਬੰਗਲਾ ਦੇਸ਼ ਤੇ ਉੱਤਰ 'ਚ ਨੇਪਾਲ, ਤਿੱਬਤ, ਸੁਮੇਰ ਪਰਬਤ ਤਕ ਪੈਦਲ ਗਾਹਿਆ ਤੇ ਸਤਿਨਾਮ ਦਾ ਪ੍ਰਚਾਰ ਕੀਤਾ।

ਗੁਰੂ ਨਾਨਕ ਸਾਹਿਬ ਦਾ ਵਿਸ਼ਾਲ ਅਨੁਭਵ ਉਨ੍ਹਾਂ ਦੇ ਮਹਾਨ ਆਤਮਾ ਹੋਣ ਦੀ ਗਵਾਹੀ ਭਰਦਾ ਹੈ। ਬਚਪਨ ਵਿਚ ਪਾਂਧੇ ਨੂੰ ਅੱਖਰਾਂ ਰਾਹੀਂ ਪਰਮਾਤਮਾ ਦੇ ਗੁਣ ਗਾਉਣ ਲਈ ਸਿੱਖਿਆ ਵਜੋਂ 'ਪੱਟੀ' ਬਾਣੀ ਦੀ ਰਚਨਾ ਕੀਤੀ। ਪਰੰਪਰਾਗਤ ਧਾਰਮਿਕ-ਸਮਾਜਿਕ ਰੀਤਾਂ-ਰਸਮਾਂ ਨਿਭਾਉਣ ਵੇਲੇ ਜਨੇਊ ਦੀ ਰਸਮ ਦੌਰਾਨ ਬ੍ਰਾਹਮਣ ਨੂੰ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤ, ਉਸ ਦੀਆਂ ਜਤ ਰੂਪੀ ਗੰਢਾਂ ਤੇ ਸੱਚੇ ਆਚਰਣ ਦੇ ਵੱਟਾਂ ਵਾਲੇ, ਨਾ ਮੈਲ਼ਾ ਹੋਣ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਦੇ ਹਨ। ਗੁਰੂ ਸਾਹਿਬ ਵੀਹ ਰੁਪਏ ਦਾ ਵਪਾਰ ਕਰ ਕੇ ਭੁੱਖੇ ਸਾਧੂਆਂ ਵਿਚ ਵੰਡਣਾ 'ਸੱਚਾ ਸੌਦਾ' ਸਾਖੀ ਵਜੋਂ ਪ੍ਰਚਲਿਤ ਹੋਇਆ। ਪਿਤਾ ਮਹਿਤਾ ਕਾਲੂ ਜੀ ਦਾ ਬਾਲ ਨਾਨਕ ਨੂੰ ਮਾਰਨਾ ਅਤੇ ਬਾਲ ਨਾਨਕ (ਗੁਰੂ ਜੀ) ਦਾ ਨਿਮਰਤਾ-ਹਲੀਮੀ ਵਿਚ ਖੜ੍ਹੇ ਰਹਿਣਾ ਉਨ੍ਹਾਂ ਦੇ ਆਗਿਆਕਾਰੀ ਹੋਣ ਦਾ ਸਬੂਤ ਹੈ। ਅਜਿਹੇ ਸਮੇਂ ਭੈਣ ਬੇਬੇ ਨਾਨਕੀ ਜੀ ਦਾ ਪਿਤਾ ਕਾਲੂ ਜੀ ਨੂੰ ਲਾਡਲੇ ਵੀਰ ਨੂੰ ਮਾਰਨ ਤੋਂ ਰੋਕਣਾ ਭੈਣ-ਭਰਾ ਦੇ ਪਿਆਰ ਤੇ ਗੁਰੂ ਨਾਨਕ ਸਾਹਿਬ ਦੇ ਰੱਬੀ-ਰੂਪ ਦੀ ਸਮਝ ਨੂੰ ਪ੍ਰਗਟਾਉਂਦਾ ਹੈ। ਨਾਮ ਦੀ ਖ਼ੁਮਾਰੀ ਵਿਚ ਰੰਗੇ ਗੁਰੂ ਸਾਹਿਬ ਦੀਆਂ ਮੱਝਾਂ ਦਾ ਖੇਤਾਂ ਨੂੰ ਉਜਾੜਨਾ ਤੇ ਬਾਅਦ ਵਿਚ ਉਹੀਓ ਖੇਤਾਂ ਦਾ ਹਰੇ-ਭਰੇ ਮਿਲਣਾ, ਬਾਬੇ ਨਾਨਕ 'ਤੇ ਰੁੱਖ ਦੀ ਛਾਂ ਦਾ ਨਾ ਫਿਰਨਾ ਦੇਖ ਕੇ ਚੌਧਰੀ ਰਾਇ ਬੁਲਾਰ ਖ਼ਾਨ ਨੇ ਵੀ ਗੁਰੂ ਸਾਹਿਬ ਅੱਗੇ ਨਮਸਕਾਰ ਕੀਤੀ।

ਮਰਦਾਨੇ ਵਰਗੇ ਸਾਥੀ ਨੂੰ ਮਿੱਤਰ ਬਣਾਉਣਾ ਤੇ ਰਬਾਬ ਦੀ ਧੁਨ ਤੋਂ ਰਾਗ ਵਿਚ ਸ਼ਬਦ ਉਚਾਰਨਾ, ਸਭ ਨੂੰ ਖਿੱਚਦਾ ਸੀ। ਕੋਈ ਵੈਦ ਉਸ ਬੰਦਗੀ ਵਾਲੀ ਰੂਹ ਨੂੰ ਕਿਵੇਂ ਪਛਾਣ ਸਕਦਾ ਸੀ? ਬਾਬਾ ਨਾਨਕ ਜੀ “ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ'' ਅਨੁਸਾਰ ਸਧਾਰਣ ਲੋਕਾਂ ਵਿਚ ਵਿਚਰਦੇ। ਮਲਿਕ ਭਾਗੋ ਦੇ ਪਕਵਾਨ, ਨੂਰਸ਼ਾਹ ਦੇ ਮਹਿਲ ਆਦਿ ਦੀ ਥਾਂ ਬਾਬੇ ਨਾਨਕ ਦਾ ਟਿਕਾਣਾ ਨੇਕ-ਕਾਮਈ ਕਰਨ ਵਾਲੇ ਸਧਾਰਣ ਇਨਸਾਨ ਭਾਈ ਲਾਲੋ ਦੇ ਘਰ ਬਣਿਆ। ਉਨ੍ਹਾਂ ਨੇ ਔਰਤ ਬਾਰੇ ਸਮਾਜ ਦੀ ਸੌੜੀ ਮਾਨਸਿਕਤਾ ਨੂੰ ਉਖੇੜ ਕੇ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'' ਦਾ ਉਪਦੇਸ਼ ਦਿੱਤਾ। ਸਭ ਨੂੰ ਨਾਮ ਜਪਣ, ਵਿੱਦਿਆ ਦਾ ਉਪਦੇਸ਼ ਦੇ ਕੇ ਵਰਣ-ਰਹਿਤ ਤੇ ਜਾਤ-ਮੁਕਤ ਸਮਾਜ ਲਈ ਪਹਿਲ-ਕਦਮੀ ਕੀਤੀ। ਸਮਾਜ ਵਿਚ ਛੂਤਛਾਤ, ਪਖੰਡਾਂ-ਭਰਮਾਂ, ਸੂਤਕ-ਪਾਤਕ, ਮਰਨ ਸਮੇਂ ਦੀਆਂ ਫ਼ਜ਼ੂਲ ਰੀਤਾਂ ਨੂੰ ਤੋੜ ਕੇ ਪਰਮਾਤਮਾ ਦੇ ਹੁਕਮ ਜਾਂ ਭਾਣੇ ਦਾ ਅਹਿਸਾਸ ਕਰਵਾਇਆ। ਇਸੇ ਤਰ੍ਹਾਂ ਅਨੇਕ ਮਤਾਂ-ਮਤਾਂਤਰਾਂ ਨਾਲ ਸੰਵਾਦ ਰਚਾ ਕੇ ਸਭ ਨੂੰ ਪਰਮ-ਸੱਚ ਨਾਲ ਜੋੜਿਆ। ਅੰਤਲੇ ਸਮੇਂ ਕਰਤਾਰਪੁਰ ਸਾਹਿਬ ਵਿਖੇ ਟਿਕਾਣਾ ਬਣਾ ਕੇ ਕਿਰਤ ਕੀਤੀ, ਪੰਗਤ-ਸੰਗਤ ਦੀ ਰਸਮ ਤੋਰੀ ਤੇ ਅੰਮ੍ਰਿਤ ਵੇਲੇ ਤੋਂ ਨਿੱਤਨੇਮ ਲਾਗੂ ਕੀਤਾ। ਇਹ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਹੀ ਵਿਹਾਰਕ ਪੱਖ ਸੀ।

ਗੁਰੂ ਨਾਨਕ ਸਾਹਿਬ ਨੇ ਮਨੁੱਖਾਂ ਨੂੰ ਮੌਤ ਦੇ ਯਥਾਰਥ ਤੋਂ ਜਾਣੂ ਕਰਵਾ ਕੇ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਪਾਉਣਾ ਸਿਖਾਇਆ। ਮਨੁੱਖ ਮਾਇਅਕ ਪਦਾਰਥਾਂ ਦੇ ਥੋੜ੍ਹਚਿਰੇ ਰਸ ਨੂੰ ਸੱਚ ਮੰਨ ਬੈਠਦਾ ਹੈ ਤਾਂ ਪ੍ਰਭੂ ਰੂਪੀ ਖ਼ਸਮ ਤੋਂ ਉਸ ਦੀ ਵਿੱਥ ਪੈ ਜਾਂਦੀ ਹੈ। ਮਨੁੱਖ ਨੂੰ ਅਮਰ-ਸੱਚ ਦਾ ਸਦੀਵੀ ਰਸ ਮਾਨਣਾ/ਪੀਣਾ ਚਾਹੀਦਾ ਹੈ, ਜੋ ਉਸ ਨੂੰ ਬੰਦਗੀ ਤੋਂ ਬਿਨ ਪ੍ਰਾਪਤ ਨਹੀਂ ਹੁੰਦਾ। ਗੁਰੂ ਸਾਹਿਬ ਦਾ ਫੁਰਮਾਨ ਹੈ :

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ

ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ

ਪ੍ਰਾਣੀ ਏਕੋ ਨਾਮੁ ਧਿਆਵਹੁ£ ਅਪਨੀ ਪਤਿ ਸੇਤੀ ਘਰਿ ਜਾਵਹੁ

ਜਦੋਂ ਮਨੁੱਖ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ ਤਾਂ ਉਹ ਸੱਚ ਵਾਲੇ ਪਾਸੇ ਲਗਦਾ ਹੈ। ਵਰਤਮਾਨ ਮਨੁੱਖ ਕੋਠੇ-ਮੰਡਪ, ਗੱਡੀਆਂ-ਕਾਰਾਂ ਵਿਚ ਵਿਚਰਦਾ ਹੈ। ਉਹ ਪਰਮਾਤਮਾ ਦੀ ਦਿੱਤੀ ਦਾਤ ਲਈ ਸ਼ੁਕਰਾਨੇ ਦਾ ਭਾਵ ਵੀ ਨਹੀਂ ਰੱਖਦਾ। ਇਨ੍ਹਾਂ ਵਸਤਾਂ ਤੇ ਦਾਤਾਂ ਨੂੰ ਮਾਨਣ ਦੀ ਥਾਂ ਗੁਰੂ ਸਾਹਿਬ ਨੇ ਮਨੁੱਖ ਨੂੰ ਦਾਤਾਂ ਦੇ ਦਾਤਾਰ (ਪ੍ਰਭੂ) ਨੂੰ ਯਾਦ ਰੱਖਣ ਦੀ ਤਾਕੀਦ ਕੀਤੀ ਹੈ :

- ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ

- ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ

- ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ

ਸਪਸ਼ਟ ਹੈ ਕਿ ਮਨੁੱਖ ਕੋਲ ਸਭ ਦੁਨਿਆਵੀਂ ਵਸਤਾਂ ਦੇ ਭੰਡਾਰ ਹੋਣ, ਸ਼ਕਤੀਆਂ ਅਤੇ ਸਾਰੇ ਅਧਿਕਾਰ ਹਾਂ ਪਰ ਜੇਕਰ ਉਸ ਅੰਦਰ ਪਰਮਾਤਮਾ ਲਈ ਪਿਆਰ ਤੇ ਸ਼ੁਕਰਾਨੇ ਦੀ ਭਾਵਨਾ ਨਹੀਂ ਤਾਂ ਉਸ ਦਾ ਜੀਵਨ ਵਿਅਰਥ ਹੈ।

ਇਸ ਵਰਤਾਰੇ ਲਈ ਮਨੁੱਖ ਨੂੰ ਵਿਉਹਾਰਕ ਹੋਣਾ ਪਵੇਗਾ। ਗੁਰੂ ਸਾਹਿਬ ਨੇ ਮਨੁੱਖ ਨੂੰ ਅਲਪ ਆਹਾਰ, ਅਲਪ ਨੀਂਦਰ ਦੀ ਤਾਕੀਦ ਕੀਤੀ ਹੈ। ਖਾਣਾ ਵੀ ਉਹ ਖਾਣਾ ਚਾਹੀਦਾ ਹੈ ਕਿ ਜਿਸ ਨਾਲ ਮਨੁੱਖੀ ਮਨ 'ਚ ਵਿਕਾਰ ਪੈਦਾ ਨਾ ਹੋਵੇ ਅਤੇ ਉਸ ਦੀ ਗੁਰਮੁਖ ਸ਼ਖ਼ਸੀਅਤ ਨੂੰ ਦਾਗ਼ ਨਾ ਲੱਗੇ। ਨਸ਼ੀਲੇ-ਪਦਾਰਥਾਂ ਨਾਲ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਤੇ ਉਹ ਜੀਵਨ ਦੇ ਪੰਧ ਤੋਂ ਥਿੜਕ ਜਾਂਦਾ ਹੈ :

ਬਾਬਾ ਹੋਰ ਖਾਣਾ ਖੁਸੀ ਖੁਆਰੁ

ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ

ਪਹਿਰਾਵਾ ਮਨੁੱਖੀ ਸੱਭਿਅਤਾ ਦੀ ਪਛਾਣ ਹੈ। ਵਰਤਮਾਨ ਮਨੁੱਖ, ਵਿਸ਼ੇਸ਼ ਕਰਕੇ ਬਾਲਗ ਪੱਛਮੀ ਰੰਗਤ ਵਿਚ ਨੰਗੇਜ਼ ਵਾਲਾ ਪਹਿਰਾਵਾ ਧਾਰਨ ਕਰਦੇ ਹਨ, ਜਿਸ ਨਾਲ ਉੱਠਣ-ਬੈਠਣ ਦੀ ਮੁਸ਼ਕਿਲ ਆਉਂਦੀ ਹੈ। ਕੱਪੜਾ ਭਾਵੇਂ ਕਿਸੇ ਬਾਂਡ ਦਾ ਪਾਇਆ ਜਾ ਸਕਦਾ ਹੈ ਪਰ ਉਸ ਪਹਿਰਾਵੇ ਨਾਲ ਵਿਕਾਰ ਭਾਵ ਨਾ ਉਤਪੰਨ ਹੋਣ :

ਬਾਬਾ ਹੋਰ ਪੈਨਣੁ ਖੁਸੀ ਖੁਆਰੁ

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ

ਮਨੁੱਖ ਨੂੰ ਸਫ਼ਰ ਲਈ ਵਿਗਿਆਨ ਨੇ ਸੁੱਖ ਸਹੂਲਤਾਂ ਦਿੱਤੀਆਂ ਹਨ। ਨਿੱਤ ਨਵੀਆਂ ਗੱਡੀਆਂ ਦਾ ਖ਼ਰੀਦਣਾ, ਸਫ਼ਰ ਕਰਨਾ ਮਿਹਨਤ ਦੀ ਕਮਾਈ ਨਾਲ ਹੀ ਸ਼ੋਭਦਾ ਹੈ। ਦੂਸਰੇ ਦੀ ਵੱਡੀ ਗੱਡੀ ਵੇਖ ਕੇ ਮਨ 'ਚ ਈਰਖਾ ਪੈਦਾ ਕਰਨੀ ਠੀਕ ਨਹੀਂ। ਅਜਿਹਾ ਕਰਨ ਦੀ ਥਾਂ ਸਬਰ-ਸ਼ੁਕਰ ਵਾਲਾ ਜੀਵਨ ਹੋਣਾ ਜ਼ਰੂਰੀ ਹੈ :

ਬਾਬਾ ਹੋਰ ਚੜਨਾ ਖੁਸੀ ਖੁਆਰੁ

ਜਿਤੁ ਚੜੀਐ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ

ਕੁਝ ਇਨਸਾਨ ਸੁੱਤੇ-ਸਿੱਧ ਸਮਾਂ ਗੁਆ ਦਿੰਦੇ ਹਨ। ਉਨ੍ਹਾਂ 'ਚ ਕੁਝ ਨਵਾਂ ਕਰਨ ਦੀ ਹਿੰਮਤ ਹੀ ਨਹੀਂ ਹੁੰਦੀ। ਅਜਿਹਾ ਸੌਣਾ ਮਨ ਅਤੇ ਸਰੀਰ ਨੂੰ ਨੀਰਸ ਕਰਦਾ ਹੈ। ਦੂਜੇ ਪਾਸੇ ਪੈਸੇ ਦੀ ਆੜ ਵਿਚ ਨੀਂਦ ਘਟਾ ਦੇਣਾ ਵੀ ਠੀਕ ਨਹੀਂ। ਤੰਦਰੁਸਤ ਜੀਵਨ ਲਈ ਘੱਟੋ-ਘੱਟ ਅੱਠ ਘੰਟੇ ਦਾ ਅਰਾਮ ਲਾਜ਼ਮੀ ਹੈ :

ਬਾਬਾ ਹੋਰ ਸਉਣਾ ਖੁਸੀ ਖੁਆਰੁ

ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ

ਮਨੁੱਖ ਨੂੰ ਸਬਰ, ਹਿੰਮਤ ਤੇ ਨੇਕ-ਨੀਤੀ ਨਾਲ ਕਿਰਤ ਕਰਨ ਵੱਲ ਰੁਚਿਤ ਹੋਣਾ ਚਾਹੀਦਾ ਹੈ। ਫੁਰਮਾਨ ਹੈ :

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ

ਨਾਮੁ ਬੀਜੁ ਸੰਤੋਖ ਸੁਹਾਗਾ ਰਖੁ ਗਰੀਬੀ ਵੇਸੁ

ਸੀਮਤ ਲੋੜਾਂ ਵਾਲਾ ਸਧਾਰਨ ਜੀਵਨ ਚਿੰਤਾ-ਮੁਕਤ ਬਣ ਸਕਦਾ ਹੈ। ਮਨੁੱਖ ਨੂੰ ਆਮ ਲੋਕਾਂ ਵਿਚ ਵਿਚਰ ਕੇ ਲੋਕ-ਰਹਿਤਲ ਦੇ ਨੇੜੇ ਹੋ ਲੋਕ-ਰੰਗ ਦਾ ਹਿੱਸਾ ਬਣਨਾ ਚਾਹੀਦਾ ਹੈ। ਵਰਤਮਾਨ ਸਮੇਂ ਗੁਰੂ ਨਾਨਕ ਨਾਮ ਹੇਠ ਸਕੂਲ, ਕਾਲਜ, ਹਸਪਤਾਲ, ਵਪਾਰਕ-ਅਦਾਰੇ ਚੱਲਦੇ ਹਨ। ਸੱਚਾਈ ਇਹ ਹੈ ਕਿ ਨਾਨਕ ਨਾਮ ਹੇਠ ਚਲਦੀਆਂ ਸੰਸਥਾਵਾਂ ਦਾ ਮੰਤਵ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅੱਖੋਂ-ਪਰੋਖੇ ਕਰ ਕੇ ਪੈਸਾ ਕਮਾਉਣਾ ਹੈ। ਸੰਸਥਾਵਾਂ/ਅਦਾਰਿਆਂ ਦਾ ਨਾਂ ਗੁਰੂ ਸਾਹਿਬਾਨ ਦੇ ਨਾਂ 'ਤੇ ਰੱਖਣਾ ਠੀਕ ਹੈ ਪਰ ਉਸ ਵਿਚ ਉਸ ਵਿਚਾਰਧਾਰਾ ਦਾ ਵਿਹਾਰਕ ਰੂਪ ਵੀ ਹੋਣਾ ਜ਼ਰੂਰੀ ਹੈ।

550 ਸਾਲ ਬਾਅਦ ਵੀ ਮਨੁੱਖ ਜ਼ਾਤਾਂ-ਮਜ਼੍ਹਬਾਂ ਦੇ ਬੰਧਨ 'ਚੋਂ ਨਹੀਂ ਨਿਕਲਿਆ। ਗੁਰੂ ਸਾਹਿਬ ਦਾ ਰੱਬੀ ਪੈਗ਼ਾਮ ਨਿੱਤਨੇਮ ਸਿਰਫ਼ ਪੜ੍ਹਨ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਵਰਤਮਾਨ ਜੀਵਨ 'ਚ ਵੱਧ ਲੋੜਾਂ ਨੇ ਮਨੁੱਖ ਨੂੰ ਕਾਹਲ਼ਾ, ਮਤਲਬ ਪ੍ਰਸਤ, ਖਿਝਿਆ ਤੇ ਕੋਝਾ ਬਣਾ ਦਿੱਤਾ ਹੈ। ਲੋੜ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਸਮਾਜ ਨੂੰ ਨਰੋਆ ਬਣਾਇਆ ਜਾਵੇ। ਇਸ ਦੀ ਸ਼ੁਰੂਆਤ ਭਾਸ਼ਣ ਦੇਣ, ਸਮਾਰੋਹ, ਨਗਰ-ਕੀਰਤਨ ਕੱਢ ਕੇ ਜਾਂ ਕਰ ਕੇ ਹੀ

ਨਹੀਂ ਸਗੋਂ ਆਪਣੇ ਤੋਂ ਲਾਗੂ ਕਰਨੀ ਚਾਹੀਦੀ ਹੈ।

- ਡਾ. ਅਮਨਪ੍ਰੀਤ ਸਿੰਘ

79733-28390

Posted By: Harjinder Sodhi