ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦਰਸ਼ਨ ਕਰਨ ਪੁੱਜ ਰਹੇ 91 ਦੇਸ਼ਾਂ ਦੇ ਰਾਜਦੂਤਾਂ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕਰਨ ਦੇ ਨਾਲ ਘੰਟਾ ਘਰ ਦੇ ਬਾਹਰ ਸਨਮਾਨ ਸਮਾਗਮ ਸਬੰਧੀ ਤਿਆਰੀਆਂ ਪੱਬਾਂ ਭਾਰ ਹੋ ਕੇ ਕੀਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਇਕ ਵਿਸ਼ੇਸ਼ ਪੰਡਾਲ ਲਗਾਇਆ ਗਿਆ ਹੈ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਪਹਿਲੀ ਵਾਰ ਵੱਡੀ ਗਿਣਤੀ ਵਿਚ ਰਾਜਦੂਤਾਂ ਦਾ ਇਕੱਠੇ ਰੂਹਾਨੀਅਤ ਦੇ ਕੇਂਦਰ ਵਿਖੇ ਆਉਣਾ ਚੰਗਾ ਸੁਨੇਹਾ ਹੈ।

ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਮਹਿਮਾਨ ਹਨ ਅਤੇ ਸਵਾਗਤ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਸਨਮਾਨ ਲਈ ਪਲਾਜ਼ਾ ਵਿਖੇ ਵਿਸ਼ੇਸ਼ ਪੰਡਾਲ ਲਗਾ ਕੇ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਰਧਾਰਤ ਕਰ ਦਿੱਤੀਆਂ ਹਨ। 91 ਦੇਸ਼ਾਂ ਦੇ ਇਨ੍ਹਾਂ ਰਾਜਦੂਤਾਂ ਦੇ ਨਾਲ ਭਾਰਤ ਦੇ ਸ਼ਹਿਰੀ ਵਿਕਾਸ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੀ ਹੋਣਗੇ। ਇਹ ਵਫ਼ਦ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿਚ ਬਣੇ ਵਿਆਖਿਆ ਕੇਂਦਰ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਜਾਵੇਗਾ।