ਜੇਐੱਨਐੱਨ, ਕਪੂਰਥਲਾ : ਸ੍ਰੀ ਗੁੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ 'ਚ ਸਿੱਖ ਕੌਮ ਦਾ ਮਾਣ ਵਧਾਉੁਣ ਵਾਲੀਆਂ 550 ਸਿੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਨ੍ਹਾਂ 'ਚ ਮੁੱਖ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ, ਇੰਗਲੈਂਡ 'ਚ ਰੈਸਟੋਰੈਂਟ ਇੰਡਸਟਰੀ ਦਾ ਵੱਡਾ ਨਾਂ ਰਵੀ ਦਿਓਲ, ਅਮੂਲ ਦੇ ਐੱਮਡੀ ਆਰਐੱਸ ਸੋਢੀ, ਅਮਰੀਕਾ ਵੀਜ਼ਾ ਕਾਰਡ ਵਾਲੇ ਅਜੈਪਾਲ ਸਿੰਘ ਬੰਗਾ, ਭਾਰਤ 'ਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸੰਧੂ, ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਅਦਾਕਾਰਾ ਪੂਨਮ ਢਿੱਲੋਂ, ਅਫ਼ਰੀਕਾ ਦੇ ਵੱਡੇ ਕਾਰੋਬਾਰੀ ਹਰਪਾਲ ਰੰਧਾਵਾ ਆਦਿ ਸ਼ਾਮਿਲ ਹਨ।

10 ਨਵੰਬਰ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ 'ਚ ਸ਼ਾਨਦਾਰ ਸਮਾਗਮ ਹੋਵੇਗਾ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਪਹਿਲੀ ਵਾਰ ਅਜਿਹਾ ਹੋਵੇਗਾ, ਜਦੋਂ ਇਕੱਠਿਆਂ ਮੰਚ 'ਤੇ ਏਨੀ ਵੱਡੀ ਗਿਣਤੀ 'ਚ ਸਿੱਖ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ।

ਏਨੇ ਵੱਡੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ। ਦੇਸ਼-ਵਿਦੇਸ਼ ਤੋਂ ਇਨ੍ਹਾਂ ਹਸਤੀਆਂ ਨੂੰ ਸੱਦਾ ਦੇਣ ਦੀ ਜ਼ਿੰਮੇਵਾਰੀ ਇਕ ਐੱਨਜੀਓ ਨੇ ਸੰਭਾਲ ਰੱਖੀ ਹੈ।

ਸਮਾਗਮ ਤੋਂ ਬਾਅਦ ਇਨ੍ਹਾਂ ਨਾਮੀ ਹਸਤੀਆਂ ਦੇ ਸਨਮਾਨ 'ਚ ਜਗਤਜੀਤ ਪੈਲੇਸ ਕਪੂਰਥਲਾ 'ਚ ਰਾਤਰੀ ਭੋਜ ਹੋਵੇਗਾ। ਇਸ ਪੈਲੇਸ ਨੂੰ ਫਰਾਂਸ ਦੇ ਸ਼ਿਲਪ ਦਾ ਅਦਭੁਤ ਨਮੂਨਾ ਮੰਨਿਆ ਜਾਂਦਾ ਹੈ। ਦੁਨੀਆ ਦੇ ਵੱਖ-ਵੱਖ ਖੇਤਰਾ 'ਚ ਸਫ਼ਲਤਾ ਦੇ ਝੰਡੇ ਗੱਡਣ ਵਾਲੀਆਂ ਹਸਤੀਆਂ ਦੀ ਮੇਜ਼ਬਾਨੀ ਮਹਾਰਾਜਾ ਕਪੂਰਥਲਾ ਦੇ ਵੰਸ਼ਜ ਬਿ੍ਗੇਡੀਅਰ ਸੁਖਜੀਤ ਸਿੰਘ, ਟਿੱਕਾ ਸ਼ਤਰੂਜੀਤ ਸਿੰਘ ਕਰਨਗੇ।

ਪਦਮਸ੍ਰੀ ਸੁਰਜੀਤ ਪਾਤਰ ਤੇ ਸੰਨੀ ਦਿਓਲ ਦਾ ਨਾਂ ਵੀ ਸ਼ਾਮਲ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਜਨਰਲ ਬਿਕਰਮ ਸਿੰਘ ਸਮੇਤ ਜਨਰਲ ਜੇਜੇ ਸਿੰਘ, ਜਮੁਨਾ ਆਟੋ ਦੇ ਐੱਮਡੀ ਰਣਦੀਪ ਸਿੰਘ ਜੌਹਰ, ਪ੍ਰੋਫੈਸ਼ਨਲ ਗੋਲਫਰ ਗਗਨਜੀਤ ਭੁੱਲਰ, ਇੰਗਲੈਂਡ 'ਚ ਟਰੇਡ ਕਮਿਸ਼ਨਰ ਅਮੋ ਕਲੇਅਰ, ਆਗਰਾ ਦੇ ਨੋਵਾ ਸ਼ੂ ਦੇ ਮਾਲਕ ਮਨਜੀਤ ਸਿੰਘ, ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ, ਵਿਗਿਆਨੀ ਨਰਿੰਦਰ ਸਿੰਘ ਕਪਾਨੀ, ਸਿਆਸੀ ਲੇਖਕ ਨਵਤੇਜ ਸਰਨਾ ਤੇ ਪੰਜਾਬੀ ਕਵੀ ਪਦਮਸ੍ਰੀ ਸੁਰਜੀਤ ਪਾਤਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਫਿਨਲੈਂਡ ਦੇ ਸੰਸਦ ਮੈਂਬਰ ਰਣਦੀਪ ਸਿੰਘ ਸੋਢੀ, ਦੁਬਈ ਦੇ ਕਾਰੋਬਾਰੀ ਸੁਰਿੰਦਰ ਕੰਧਾਰੀ, ਹਾਂਗਕਾਂਗ ਦੇ ਕਾਰੋਬਾਰੀ ਪਾਲ ਕੋਹਲੀ ਤੇ ਚੀਨ ਦੇ ਵੱਡੇ ਕਾਰੋਬਾਰੀ ਠੁਕਰਾਲ ਦੇ ਨਾਂ ਵੀ ਇਸ ਸੂਚੀ 'ਚ ਸ਼ਾਮਲ ਹਨ।

ਦੋ-ਤਿੰਨ ਦਿਨਾਂ 'ਚ ਤਿਆਰ ਹੋਵੇਗੀ ਫਾਈਨਲ ਸੂਚੀ : ਚੰਨੀ

ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਇਸ ਸਮਾਗਮ ਨੂੰ ਲੈ ਕੇ ਮੁੱਖ ਮੰਤਰੀ ਬਹੁਤ ਸੰਜੀਦਾ ਹਨ। ਦੋ-ਤਿੰਨ ਦਿਨਾਂ 'ਚ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਹਸਤੀਆਂ ਦੇ ਨਾਂ ਦੀ ਫਾਈਨਲ ਸੂਚੀ ਤਿਆਰ ਕਰ ਲਈ ਜਾਵੇਗੀ।