ਜੇਐੱਨਐੱਨ, ਕਾਨਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਲਈ ਸਿੱਕਾ ਜਾਰੀ ਕੀਤਾ ਜਾਵੇਗਾ। ਕੋਲਕਾਤਾ ਟਕਸਾਲ 12 ਨਵੰਬਰ ਨੂੰ ਪ੍ਰਕਾਸ਼ ਪੁਰਬ 'ਤੇ 550 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰੇਗੀ।

ਕੋਲਕਾਤਾ ਟਕਸਾਲ ਵੱਲੋਂ ਜਾਰੀ ਹੋ ਰਹੇ ਯਾਦਗਾਰੀ ਸਿੱਕੇ ਦਾ ਵਜ਼ਨ 35 ਗਰਾਮ ਹੈ। ਇਸ ਵਿਚ 50 ਫ਼ੀਸਦੀ ਚਾਂਦੀ, 40 ਫ਼ੀਸਦੀ ਤਾਂਬਾ ਤੇ ਪੰਜ-ਪੰਜ ਫ਼ੀਸਦੀ ਨਿੱਕਲ ਤੇ ਜਿਸਤ ਦਾ ਮਿਸ਼ਰਣ ਹੈ। ਸਿੱਕੇ ਦੀ ਗੋਲਾਈ 44 ਮਿਲੀਮੀਟਰ ਹੈ। ਭਾਰਤ ਵਿਚ 550 ਰੁਪਏ ਮੁੱਲ ਵਰਗ ਦਾ ਸਿੱਕਾ ਪਹਿਲੀ ਵਾਰ ਜਾਰੀ ਹੋਵੇਗਾ।

ਇਸ ਸਿੱਕੇ ਦੇ ਇਕ ਹਿੱਸੇ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਦਾ ਚਿੱਤਰ ਉਕੇਰਿਆ ਗਿਆ ਹੈ। ਸਿੱਕੇ 'ਤੇ ਦੇਵਨਾਗਰੀ ਤੇ ਅੰਗਰੇਜ਼ੀ 'ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਲਿਖਿਆ ਗਿਆ ਹੈ। ਵਿੱਤ ਵਿਭਾਗ ਦੇ ਆਰਥਿਕ ਕਾਰਜ ਵਿਭਾਗ ਵੱਲੋਂ ਇਸ ਯਾਦਗਾਰੀ ਸਿੱਕੇ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।

ਪਾਕਿਸਤਾਨ ਵੀ ਲਿਆਏਗਾ 50 ਰੁਪਏ ਦਾ ਸਿੱਕਾ

ਪਾਕਿਸਤਾਨ ਵੀ ਪ੍ਰਕਾਸ਼ ਪੁਰਬ 'ਤੇ 50 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰੇਗਾ। ਕਿਸੇ ਭਾਰਤੀ ਧਾਰਮਿਕ ਸਮਾਗਮ 'ਤੇ ਪਹਿਲੀ ਵਾਰ ਉੱਥੇ ਯਾਦਗਾਰੀ ਸਿੱਕਾ ਜਾਰੀ ਹੋ ਰਿਹਾ ਹੈ। ਇਹ ਸਿੱਕਾ ਤਾਂਬੇ ਤੇ ਨਿੱਕਲ ਦੇ ਮਿਸ਼ਰਣ ਦਾ ਹੋਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਪਾਕਿਸਤਾਨ ਟਕਸਾਲ 'ਚ ਬਣੇ ਇਸ ਸਿੱਕੇ ਦੇ ਡਿਜ਼ਾਈਨ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ।

ਇਸ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਡਾਈ ਦਾ ਫੋਟੋ ਫੇਸਬੁੱਕ 'ਤੇ ਜਾਰੀ ਕੀਤਾ ਸੀ। ਪਾਕਿਸਤਾਨ ਸਹੀ ਡਿਜ਼ਾਈਨ ਦਾ ਯਾਦਗਾਰੀ ਸਿੱਕਾ 12 ਨਵੰਬਰ ਨੂੰ ਜਾਰੀ ਕਰੇਗਾ। ਸਿੱਕੇ 'ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਚਿੱਤਰ ਉਕੇਰਿਆ ਗਿਆ ਹੈ। ਸਿੱਕਿਆਂ ਦੇ ਸੰਗ੍ਰਹਿਕਰਤਾ ਸੁਧੀਰ ਲੁਣਾਵਤ ਅਨੁਸਾਰ ਪਾਕਿਸਤਾਨ ਪਹਿਲੀ ਵਾਰ ਕਿਸੇ ਭਾਰਤੀ ਵਿਸ਼ੇ 'ਤੇ ਸਿੱਕਾ ਜਾਰੀ ਕਰ ਰਿਹਾ ਹੈ।

ਨੇਪਾਲ ਨੇ ਜਾਰੀ ਕੀਤਾ ਹੈ ਤਿੰਨ ਸਿੱਕਿਆਂ ਦਾ ਸੈੱਟ

ਨੇਪਾਲ ਨੇ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਤਿੰਨ ਯਾਦਗਾਰੀ ਸਿੱਕਿਆਂ ਦਾ ਸੈੱਟ ਜਾਰੀ ਕੀਤਾ ਹੈ। ਸਤੰਬਰ ਮਹੀਨੇ 'ਚ ਜਾਰੀ ਇਸ ਸੈੱਟ ਵਿਚ ਸੌ ਰੁਪਏ, ਇਕ ਹਜ਼ਾਰ ਰੁਪਏ ਤੇ ਢਾਈ ਹਜ਼ਾਰ ਰੁਪਏ ਦੇ ਸਿੱਕੇ ਸ਼ਾਮਲ ਹਨ। ਸੌ ਰੁਪਏ ਦਾ ਸਿੱਕਾ ਤਾਂਬਾ, ਨਿਕੱਲ ਤੇ ਇਕ ਹਜ਼ਾਰ ਤੇ ਢਾਈ ਹਜ਼ਾਰ ਰੁਪਏ ਦਾ ਸਿੱਕਾ ਚਾਂਦੀ ਦਾ ਹੈ। ਨੇਪਾਲ ਇਸ ਤੋਂ ਪਹਿਲਾਂ ਵੀ ਗੁਰੂ ਗ੍ੰਥ ਸਾਹਿਬ 'ਤੇ ਇਕ ਯਾਦਗਾਰੀ ਸਿੱਕਾ ਜਾਰੀ ਕਰ ਚੁੱਕਾ ਹੈ।