ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਨਸ਼ਾ ਖਤਮ ਕਰਨ ਦੇ ਸਰਕਾਰ ਅਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਸੋਮਵਾਰ ਨੂੰ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਹੈ।

ਉਕਤ ਨੌਜਵਾਨ ਦੀ ਲਾਸ਼ ਝਬਾਲ ਦੀ ਦਾਣਾ ਮੰਡੀਂ ਵਿਚੋਂ ਮਿਲੀ ਅਤੇ ਉਸਦੀ ਜੇਬ ਵਿਚੋਂ ਸਰਿੰਜਾਂ ਅਤੇ ਸੂਈਆਂ ਵੀ ਨਿਕਲੀਆਂ। ਹਾਲਾਂਕਿ ਮੌਕੇ 'ਤੇ ਪੁੱਜੀ ਪੁਲਿਸ ਨੇ ਪਰਿਵਾਰ ਵੱਲੋਂ ਕੋਈ ਕਾਰਵਾਈ ਨਾ ਕਰਵਾਉਣ ਦੀ ਗੱਲ ਕਬੂਲਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਤਾਰੂ ਸਿੰਘ ਵਾਸੀ ਬਘਿਆੜੀ ਨੇ ਦੱਸਿਆ ਕਿ ਉਸਦਾ ਲੜਕਾ ਗੋਬਿੰਦਾ ਸਿੰਘ ਪੁੱਤਰ ਘੋਨਾ ਸਿੰਘ ਨਸ਼ੇ ਕਰਨ ਦਾ ਆਦੀ ਸੀ। ਉਹ ਕਈ ਵਾਰ ਉਸ ਨੂੰ ਰੋਕ ਚੁੱਕੇ ਹਨ ਪਰ ਉਹ ਨਸ਼ਿਆਂ ਨੂੰ ਛੱਡ ਨਾ ਸਕਿਆ। ਪਿੰਡ ਤੋਂ ਉਹ ਅਕਸਰ ਝਬਾਲ ਆ ਜਾਂਦਾ ਸੀ ਅਤੇ ਇਥੇ ਨਸ਼ੇ ਕਰਦਾ ਰਹਿੰਦਾ ਸੀ।

ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਨੇ ਹੀ ਉਸਦੇ ਪੁੱਤ ਦੀ ਜਾਨ ਲਈ ਹੈ ਅਤੇ ਨਸ਼ੇ ਖਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਵੱਡੀ ਮੁਹਿੰਮ ਚਲਾਉਣ ਦਾ ਅਕਸਰ ਦਾਅਵਾ ਕੀਤਾ ਜਾਂਦਾ ਹੈ ਪਰ ਹਲਾਤ ਇਹ ਹਨ ਕਿ ਪਿੰਡਾਂ ਵਿਚ ਅਕਸਰ ਨਸ਼ਾ ਵਿਕਦਾ ਵੇਖਿਆ ਜਾ ਸਕਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਝਬਾਲ 'ਚ ਬਘਿਆੜੀ ਤੋਂ ਨਸ਼ਾ ਕਰਨ ਆਏ ਉਕਤ ਨੌਜਵਾਨ ਸਮੇਤ ਹੋਰ ਲੋਕ ਵੀ ਇਥੋਂ ਨਸ਼ਾ ਖਰੀਦਦੇ ਹਨ। ਹੁਣ ਇਸ ਨੌਜਵਾਨ ਨੇ ਕਿਸ ਨਸ਼ੇ ਦਾ ਟੀਕਾ ਲਗਾਇਆ ਇਹ ਤਾਂ ਕੋਈ ਨਹੀਂ ਜਾਣਦਾ ਪਰ ਨਸ਼ੇ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਮੌਕੇ 'ਤੇ ਪਹੁੰਚੇ ਥਾਣਾ ਝਬਾਲ ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਵਾਉਣ ਲਈ ਕਿਹਾ ਗਿਆ ਸੀ, ਜਿਸਦੇ ਚੱਲਦਿਆਂ ਦੇ ਬਿਆਨ ਲਿਖ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Posted By: Jagjit Singh