ਰਵੀ ਖਹਿਰਾ, ਖਡੂਰ ਸਾਹਿਬ : ਪਿੰਡ ਵੜਿੰਗ ਸੂਬਾ ਸਿੰਘ ਦੇ ਛੇ ਦਿਨ ਪਹਿਲਾਂ ਲਾਪਤਾ ਹੋਏ 20 ਸਾਲਾ ਨੌਜਵਾਨ ਦੀ ਲਾਸ਼ ਖਡੂਰ ਸਾਹਿਬ ਦੀ ਆਈਟੀਆਈ 'ਚੋਂ ਐਤਵਾਰ ਨੂੰ ਮਿਲੀ ਹੈ ਜੋ ਬੁਰੀ ਤਰ੍ਹਾਂ ਨਾਲ ਗਲ ਸੜ ਚੁੱਕੀ ਸੀ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਅਗਵਾ ਕਰਕੇ ਕਤਲ ਕੀਤੇ ਜਾਣ ਦਾ ਖਦਸ਼ਾ ਜਾਹਿਰ ਕੀਤਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਨੌਜਵਾਨ ਦੇ ਤਾਇਆ ਸਲਵਿੰਦਰ ਸਿੰਘ, ਮਾਤਾ ਜਸਬੀਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਕਸਬਾ ਖਡੂਰ ਸਾਹਿਬ ਤੋਂ ਦਵਾਈ ਲੈਣ ਵਾਸਤੇ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਉਨ੍ਹਾਂ ਨੇ ਕਿਹਾ ਕਿ ਲਾਸ਼ ਆਈਟੀਆਈ ਦੇ ਵਿਹੜੇ ਦੇ ਸੁੰਨਸਾਨ ਇਲਾਕੇ ਵਿਚੋਂ ਮਿਲੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਅਰਸ਼ਦੀਪ ਸਿੰਘ ਅਗਵਾ ਕਰਕੇ ਕਤਲ ਕੀਤਾ ਗਿਆ ਹੈ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਇਸਦੀ ਗੁੱਥੀ ਸੁਲਝਾਈ ਜਾਵੇ ਅਤੇ ਕਾਤਲਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖਤ ਸਜਾ ਦਿੱਤੀ ਜਾਵੇ। ਮੌਕੇ 'ਤੇ ਪਹੁੰਚੇ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਧਾਰਾ 174 ਦੇ ਤਹਿਤ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਕੀਤੀ ਜਾਵੇਗੀ।

Posted By: Jagjit Singh