ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਸਰੱਹਦੀ ਪਿੰਡ ਛੀਨਾ ਬਿੱਧੀਚੰਦ ਵਿਖੇ ਟਰੱਕ 'ਤੇ ਬਤੌਰ ਸਹਾਇਕ ਕੰਮ ਕਰਨ ਵਾਲੇ 23 ਸਾਲਾਂ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਇਹ ਨੌਜਵਾਨ ਦੋ ਦਿਨ ਪਹਿਲਾਂ ਹੀ ਟਰੱਕ ਦੇ ਮਾਲਕ ਅਤੇ ਚਾਲਕ ਸਣੇ ਬੰਗਾਲ ਤੋਂ ਪਰਤਿਆ ਸੀ। ਦੁੱਖਦਾਈ ਪਹਿਲੂ ਇਹ ਰਿਹਾ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ ਮ੍ਰਿਤਕ ਦੇ ਘਰ ਕੋਈ ਪਿੰਡ ਵਾਲਾ ਜਾਣ ਨੂੰ ਤਿਆਰ ਨਹੀਂ ਸੀ ਹੋ ਰਿਹਾ। ਇੱਥੋਂ ਤਕ ਕਿ ਉਸਦੀ ਮਾਤਾ ਵੀ ਦੂਰੀ ਬਣਾ ਕੇ ਖੜ੍ਹੀ ਦਿਖਾਈ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਸੁਖਰਾਜ ਸਿੰਘ ਨਾਮਕ ਵਿਅਕਤੀ ਦੇ ਟਰੱਕ ਬੰਗਾਲ 'ਚ ਚੱਲਦੇ ਹਨ। 5 ਅਪ੍ਰੈਲ ਨੂੰ ਸੁਖਰਾਜ ਸਿੰਘ ਪਿੰਡ ਦੇ ਹੀ ਦੋ ਨੌਜਵਾਨਾਂ ਨਾਲ ਸਿਲੀਗੁੜੀ ਤੋਂ ਵਾਪਸ ਪਰਤਿਆ ਅਤੇ ਸਹਾਇਕ ਵਜੋਂ ਕੰਮ ਕਰਦੇ ਅਮਰਜੀਤ ਸਿੰਘ ਪੁੱਤਰ ਹਵੇਲ ਸਿੰਘ ਨੂੰ ਮੇਹਨਤਾਨੇ ਦੇ ਪੰਜ ਹਜਾਰ ਰੁਪਏ ਦੇ ਕੇ ਘਰ ਭੇਜ ਦਿੱਤਾ। ਉਨ੍ਹਾਂ ਮੁਤਾਬਿਕ ਅਮਰਜੀਤ ਨਸ਼ੇ ਕਰਨ ਦਾ ਆਦੀ ਸੀ। ਦੂਜੇ ਪਾਸੇ ਅਮਰਜੀਤ ਸਿੰਘ ਦੀ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਨੇ ਰਾਤ ਨੂੰ ਨਸ਼ੇ ਦਾ ਟੀਕਾ ਲਗਾਇਆ ਸੀ ਅਤੇ ਬਰਾਮਦੇ ਵਿਚ ਸੌਂ ਗਿਆ। ਜਦੋਂ ਸਵੇਰੇ ਉਹ ਉਸ ਨੂੰ ਉਠਾਉਣ ਲੱਗੀ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮੌਤ ਦੀ ਖਬਰ ਪਿੰਡ ਵਿਚ ਫੈਲ ਤਾਂ ਗਈ ਪਰ ਨੌਜਵਾਨ ਦੇ ਬਾਹਰੀ ਰਾਜ ਤੋਂ ਆਉਣ ਕਰਕੇ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚੱਲਦਿਆਂ ਕੋਈ ਪਿੰਡ ਵਾਸੀ ਉਸਦੇ ਘਰ ਜਾਣ ਨੂੰ ਤਿਆਰ ਨਾ ਹੋਇਆ। ਸੂਚਨਾ ਪਾ ਕੇ ਪਿੰਡ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਅਮਰਜੀਤ ਸਿੰਘ ਦੇ ਨਾਲ ਪਰਤੇ ਸੁਖਰਾਜ ਸਿੰਘ ਪੁੱਤਰ ਕਿਰਪਾਲ ਸਿੰਘ ਤੇ ਬਿਕਰਮਜੀਤ ਸਿੰਘ ਪੁੱਤਰ ਦਾਰਾ ਸਿੰਘ ਨੂੰ ਘਰ ਵਿਚ ਏਕਾਂਤਵਾਸ ਕਰ ਦਿੱਤਾ ਹੈ। ਜਦੋਂਕਿ ਐੱਸਐੱਸਪੀ ਧਰੁਵ ਦਹੀਆ ਨੇ ਉਕਤ ਮਾਮਲੇ ਦਾ ਪਤਾ ਚੱਲਦਿਆਂ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਜੀਤ ਸਿੰਘ ਨੂੰ ਆਦੇਸ਼ ਦਿੱਤੇ ਕਿ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾਵੇ।

ਕੈਪਸ਼ਨ-ਬੀ- ਮ੍ਰਿਤਕ ਨੌਜਵਾਨ ਅਮਰਜੀਤ ਸਿੰਘ।

Posted By: Tejinder Thind