ਜਸਪਾਲ ਸਿੰਘ ਜੱਸੀ, ਤਰਨਤਾਰਨ : ਭਾਰਤ-ਪਾਕਿ ਸਰਹੱਦ ਦੇ ਕੰਢੇ ’ਤੇ ਵੱਸੇ ਪਿੰਡ ਮੇਹਦੀਪੁਰ ਵਾਸੀ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਗਿ੍ਫਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਨੌਜਵਾਨ ਬੀਐੱਸਐੱਫ ਤੇ ਫੌਜ ਬਾਰੇ ਅਹਿਮ ਜਾਣਕਾਰੀ ਪਾਕਿਸਤਾਨ ਨੂੰ ਭੇਜਦਾ ਸੀ। ਉਸ ਦੀ ਗਿ੍ਫਤਾਰੀ ਦਿੱਲੀ ਪੁਲਿਸ ਨੇ ਕਿੱਥੋਂ ਕੀਤੀ ਹੈ, ਬਾਰੇ ਸਥਾਨਕ ਪੁਲਿਸ ਨੂੰ ਜਾਣਕਾਰੀ ਨਹੀਂ ਹੈ ਹਾਲਾਂਕਿ ਆਪਣੇ ਤੌਰ ’ਤੇ ਤਰਨਤਾਰਨ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੇਮਕਰਨ ਸੈਕਟਰ ਦਾ ਪਿੰਡ ਮੇਹਦੀਪੁਰ ਸਰਹੱਦ ਨਾਲ ਲੱਗਦਾ ਆਖਰੀ ਪਿੰਡ ਹੈ, ਜਿਸ ਦੇ ਤਿੰਨ ਪਾਸੇ ਪਾਕਿ ਦੀ ਸਰਹੱਦ ਲੱਗਦੀ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੇ ਇਸ ਪਿੰਡ ਦੇ ਨੌਜਵਾਨ ਨੂੰ ਬੀਐੱਸਐੱਫ ਅਤੇ ਫੌਜ ਦੀ ਖੁਫੀਆ ਜਾਣਕਾਰੀ ਪਾਕਿ ਨੂੰ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਹੈ। ਇਸ ਆਪ੍ਰੇਸ਼ਨ ਦੀ ਜਾਣਕਾਰੀ ਦਿੱਲੀ ਪੁਲਿਸ ਨੇ ਤਰਨਤਾਰਨ ਨੂੰ ਨਹੀਂ ਦਿੱਤੀ।

ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਮੁਤਾਬਕ ਦਿੱਲੀ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਗਏ ਨੌਜਵਾਨ ਦਾ ਨਾਂ ਹਰਪਾਲ ਸਿੰਘ (25) ਹੈ। ਇਹ ਵਿਅਕਤੀ ਵ੍ਹਟਸਐਪ ਰਾਹੀਂ ਅਹਿਮ ਜਾਣਕਾਰੀ ਪਾਕਿਸਤਾਨ ਭੇਜਦਾ ਸੀ, ਉਸ ਦਾ ਕੋਈ ਅਪਰਾਧਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪਿੰਡ ਵਾਲਿਆਂ ਮੁਤਾਬਿਕ ਹਰਪਾਲ ਸਿੰਘ ਕੰਬਾਈਨ ’ਤੇ ਗਿਆ ਹੋਇਆ ਸੀ, ਦਿੱਲੀ ਪੁਲਿਸ ਨੇ ਉਸ ਦੀ ਗਿ੍ਫਤਾਰੀ ਕਿੱਥੋਂ ਕੀਤੀ ਹੈ, ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

Posted By: Jagjit Singh