ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਚੋਣ ਹਾਰਦੇ ਨਹੀਂ ਬਲਕਿ ਤੀਸਰੇ ਸਥਾਨ 'ਤੇ ਆਉਂਦੇ ਰਹੇ ਹਨ, ਉਹ ਨਵੀਂ ਪਾਰਟੀ ਨੂੰ ਕੀ ਚਲਾਉਣਗੇ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਚੋਣ ਹਾਰਨ ਤੋਂ ਬਾਅਦ ਵੀ ਰਾਜ ਸਭਾ ਮੈਂਬਰ ਵਰਗੇ ਅਹੁਦਿਆਂ 'ਤੇ ਪਹੁੰਚਾਇਆ ਜਾਂਦਾ ਰਿਹਾ ਹੈ। ਇਹ ਉਨ੍ਹਾਂ ਦੀ ਫਿਰਾਕ ਦਿਲੀ ਹੀ ਸੀ, ਨਹੀਂ ਤਾਂ ਵਾਰ-ਵਾਰ ਚੋਣ ਹਾਰਨ ਵਾਲੇ ਨੂੰ ਪਾਰਟੀ ਟਿਕਟ ਤਕ ਨਹੀਂ ਦਿੰਦੀ।

ਤਰਨਤਾਰਨ ਵਿਖੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦਾ ਗਠਨ ਕਰਨ ਲਈ ਪਹੁੰਚੇ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਗਈ ਮੀਟਿੰਗ ਵਿਚ ਜੋ ਆਗੂ ਪਹੁੰਚੇ ਹਨ, ਉਨ੍ਹਾਂ ਚੋਂ ਕਿਸੇ ਨੇ ਵੀ ਆਪੋ-ਆਪਣਾ ਦਲ ਭੰਗ ਕਰਨ ਦਾ ਸੰਕੇਤ ਤਕ ਨਹੀਂ ਦਿੱਤਾ। ਇੰਨ੍ਹਾਂ ਹੀ ਨਹੀਂ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਨਾਲ ਸਬੰਧਤ ਆਗੂ ਤਕ ਮੀਟਿੰਗ ਵਿਚ ਇਕੱਠੇ ਨਹੀਂ ਸਕੇ। ਸਰਕਲਾਂ ਦੇ ਪ੍ਰਧਾਨ ਤਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਹਨ। ਢੀਂਡਸਾ ਜਿਸ ਪਾਰਟੀ ਨੂੰ ਆਪਣੇ ਸੰਗਰੂਰ ਜ਼ਿਲ੍ਹੇ 'ਚ ਹੀ ਪੈਰਾਂ 'ਤੇ ਨਹੀਂ ਲਿਆ ਸਕੇ, ਉਹ ਪੰਜਾਬ ਵਿਚ ਪਾਰਟੀ ਨੂੰ ਕਿੱਦਾਂ ਚਲਾਉਣਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਪਾਰਟੀ ਵਿਚ ਵਾਪਸ ਆਉਣ ਸਬੰਧੀ ਪੁੱਛੇ ਗਏ ਸਵਾਲ 'ਚ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਅਤੇ ਇਸ ਵਿਚੋਂ ਗਿਆ ਵਿਅਕਤੀ ਵਾਪਸ ਆਉਂਦਾ ਹੈ ਤਾਂ ਉਸ ਨੂੰ ਕੋਈ ਮਨ੍ਹਾਂ ਨਹੀਂ ਕਰਦਾ। ਬਲਕਿ ਪਾਰਟੀ 'ਚ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੀਂ ਬਣੀਆਂ ਪਾਰਟੀਆਂ ਦਾ ਕੀ ਭਵਿੱਖ ਹੈ ਇਸ ਦਾ ਪਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੱਗ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਟਿਕਟਾਂ ਦੀ ਵੰਡ ਦਾ ਅੰਦਾਜ਼ ਨਵੇਕਲਾ ਹੋਵੇਗਾ। ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਿਕਾਸ ਪੱਖੀ ਸਰਕਾਰ ਪੰਜਾਬ ਨੂੰ ਦਿੱਤੀ ਹੈ। ਦਸ ਸਾਲ ਵਿਚ ਕੀਤੇ ਕੰਮ ਅੱਜ ਵੀ ਇਸਦੀ ਗਵਾਹੀ ਭਰ ਰਹੇ ਹਨ। ਉਨ੍ਹਾਂ ਨੇ ਅਕਾਲੀ ਦਲ- ਭਾਜਪਾ ਦੀ ਸਰਕਾਰ ਸਮੇਂ ਕਰਵਾਏ ਜਾਂਦੇ ਕਬੱਡੀ ਕੱਪ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਅੱਗੇ ਆਉਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਵਧੀਆ ਪਲੇਟਫਾਰਮ ਦਿੱਤਾ ਗਿਆ ਸੀ। ਹੁਣ ਵੀ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਵਿਸ਼ਵ ਕਬੱਡੀ ਕੱਪ ਦੇ ਪਹਿਲੇ ਇਨਾਮ ਦੀ ਰਾਸ਼ੀ ਪੰਜ ਕਰੋੜ ਰੱਖੀ ਜਾਵੇਗੀ ਜੋ ਕਿ ਪਹਿਲਾਂ ਦੋ ਕਰੋੜ ਰੁਪਏ ਸੀ। ਇਸ ਮੌਕੇ 'ਤੇ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਚੇਅਰਮੈਨ ਫਤਹਿ ਗਰੁੱਪ ਵੀ ਮੌਜੂਦ ਸਨ।

Posted By: Ramanjit Kaur