ਪੰਜਾਬੀ ਜਾਗਰਣ ਟੀਮ, ਤਰਨਤਾਰਨ : ਤਰਨਤਾਰਨ ਹਲਕੇ ਦੇ ਪਿੰਡ ਭੋਜੀਆਂ ਵਿਖੇ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੌਰਾਨ ਦੋ ਧਿਰਾਂ 'ਚ ਰੱਜ ਕੇ ਖੂਨੀ ਝਗੜਾ ਹੋਇਆ। ਇਸ ਦੌਰਾਨ ਪੁਲਿਸ ਦੀ ਹਾਜ਼ਰੀ 'ਚ ਪੋਲਿੰਗ ਬੂਥ 'ਤੇ ਡਾਂਗਾ, ਕਿਰਪਾਨਾਂ ਤੇ ਇੱਟਾਂ-ਰੋੜਿਆਂ ਦੀ ਵਰਤੋਂ ਕੀਤੀ ਗਈ। ਇਸ ਝਗੜੇ ਵਿਚ ਪਿਓ-ਪੁੱਤ ਸਮੇਤ ਦੋ ਧਿਰਾਂ ਦੇ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਝਬਾਲ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਐਸਐਸਪੀ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਝੜਪ ਦੌਰਾਨ ਸਿਰ ਵਿਚ ਸੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਅਕਾਲੀ ਆਗੂ ਸ਼ਰਨਜੀਤ ਸਿੰਘ ਭੋਜੀਆਂ ਨੇ ਦੱਸਿਆ ਕਿ ਉਹ ਆਪਣੇ ਲੜਕੇ ਰਾਜਨਜੀਤ ਸਿੰਘ ਨਾਲ ਵੋਟ ਪਾਉਣ ਲਈ ਬੂਥ ਤੇ ਗਿਆ ਸੀ। ਜਿਥੇ ਕਾਂਗਰਸ ਪਾਰਟੀ ਵੱਲੋਂ ਸਰਪੰਚੀ ਦੀ ਚੋਣ ਲੜ ਰਹੇ ਹਰਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੋਟ ਪਾਉਣ ਤੋਂ ਰੋਕਿਆ ਜਿਸ ਕਾਰਨ ਉਨ੍ਹਾਂ ਦਾ ਤਕਰਾਰ ਸ਼ੁਰੂ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਹਰਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਡਾਂਗਾ, ਸੋਟਿਆਂ ਨਾਲ ਲੈਸ ਹੋ ਕੇ ਬੂਥ ਤੇ ਖੜ੍ਹੇ ਸਨ। ਜਿਨ੍ਹਾਂ ਨੇ ਉਨ੍ਹਾਂ ਉਪਰ ਹਮਲਾ ਕਰਕੇ ਉਸ ਨੂੰ ਅਤੇ ਉਸ ਦੇ ਲੜਕੇ ਰਾਜਨਜੀਤ ਸਿੰਘ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਲੋਕਾਂ ਵੱਲੋਂ ਇੱਟਾਂ ਰੋੜਿਆਂ ਨਾਲ ਵੀ ਹਮਲਾ ਕੀਤਾ ਹੈ।

ਦੂਜੇ ਪਾਸੇ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜ ਰਹੇ ਰਾਬਟ ਮਸੀਹ ਨੂੰ ਅਕਾਲੀ ਆਗੂਆਂ ਦੀ ਹਮਾਇਤ ਸੀ ਅਤੇ ਇਹ ਲੋਕ ਬੂਥ ਉੱਪਰ ਕਿਸੇ ਰਵੀ ਮਸੀਹ ਦੀ ਵੋਟ ਪਵਾਉਣ ਲਈ ਆਏ ਸਨ ਜੋ ਇਥੋਂ ਦਾ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਗਲਤ ਵੋਟ ਪਾਉਣ ਤੋਂ ਰੋਕਿਆ ਗਿਆ ਤਾਂ ਸ਼ਰਨਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਡਾਂਗਾ ਸੋਟਿਆਂ ਨਾਲ ਲੈਸ ਹੋ ਕੇ ਆਏ 40-50 ਲੋਕਾਂ ਨੇ ਧਾਵਾ ਬੋਲ ਦਿੱਤਾ। ਇਸ ਹਮਲੇ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਡੀਐਸਪੀ ਡੀ ਸਤਨਾਮ ਸਿੰਘ, ਥਾਣਾ ਝਬਾਲ ਦੇ ਮੁਖੀ ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਸਥਿਤੀ ਤੇ ਕਾਬੂ ਪਾਇਆ ਜਦਕਿ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਵੀ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਡੀਐਸਪੀ ਡੀ ਸਤਨਾਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਥਾਣੇ ਪੁੱਜੀਆਂ ਹਨ। ਤਿੰਨੋ ਜ਼ਖਮੀ ਝਬਾਲ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਦੱਸੇ ਜਾ ਰਹੇ ਹਨ।