ਪ੍ਰਤਾਪ ਸਿੰਘ, ਤਰਨਤਾਰਨ: ਵੱਖ ਵੱਖ ਇਲਾਕਿਆਂ 'ਚੋਂ ਗੱਡੀਆਂ ਚੋਰੀਆਂ ਕਰਕੇ ਵੇਚਣ ਵਾਲੇ ਗਿਰੋਹ ਨੂੰ ਬੇਨਕਾਬ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਇਸ ਗਿਰੋਹ ਵਿਚ ਖੇਮਕਰਨ ਹਲਕੇ ਦੇ ਪਿੰਡ ਮਰਗਿੰਦਪੁਰਾ ਦਾ ਮੌਜੂਦਾ ਕਾਂਗਰਸੀ ਸਰਪੰਚ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਜਿਸ ਨੂੰ ਪੁਲਿਸ ਨੇ ਉਸਦੇ ਇਕ ਹੋਰ ਸਾਥੀ ਸਮੇਤ ਬਕਾਇਦਾ ਗ੍ਰਿਫਤਾਰ ਵੀ ਕਰ ਲਿਆ ਹੈ। ਹਾਲਾਂਕਿ ਇਸ ਗਿਰੋਹ ਦੇ ਚਾਰ ਮੈਂਬਰ ਹਾਲੇ ਵੀ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਹਨ। ਜਦੋਂਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਚੋਰੀ ਦੀਆਂ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ।

ਸਬ ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਰਗਿੰਦਪੁਰਾ ਦਾ ਕਾਂਗਰਸੀ ਸਰਪੰਚ ਸਤਰਾਜ ਸਿੰਘ ਪੁੱਤਰ ਰਛਪਾਲ ਸਿੰਘ, ਗੁਰਮੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਭਾਈ ਲੱਧੂ ਅਤੇ ਸੁਖਮਨ ਸਿੰਘ ਉਰਫ ਸੁੱਖ ਭੁੱਲਰ ਪੁੱਤਰ ਲਖਵਿੰਦਰ ਸਿੰਘ ਵਾਸੀ ਭੁੱਲਰ ਵੱਖ ਵੱਖ ਇਲਾਕਿਆਂ 'ਚੋਂ ਗੱਡੀਆਂ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਇਹ ਲੋਕ ਅੱਡਾ ਦਿਆਲਪੁਰਾ ਵਿਖੇ ਚੋਰੀ ਦੀ ਗੱਡੀ ਲੈ ਕੇ ਘੁੰਮ ਰਹੇ ਹਨ। ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਸਰਪੰਚ ਸਤਰਾਜ ਸਿੰਘ ਅਤੇ ਗੁਰਮੀਤ ਸਿੰਘ ਨੂੰ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ ਇਕ ਵਰਨਾ ਕਾਰ ਜਿਸ ਉੱਪਰ ਪੀਬੀ46 ਏਡੀ 5000 ਅਤੇ ਇਕ ਹਾਂਡਾ ਏਮਜ਼ ਕਾਰ ਜਿਸ ਉੱਪਰ ਪੀਬੀ05 ਐੱਸ 2308 ਨੰਬਰ ਲੱਗਾ ਹੈ ਬਰਾਮਦ ਹੋਈਆਂ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸੁਖਮਨ ਸਿੰਘ ਸੁੱਖ ਅਤੇ ਉਨ੍ਹਾਂ ਦੇ ਤਿੰਨ ਹੋਰ ਅਣਪਛਾਤੇ ਲੋਕਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਜਦੋਂਕਿ ਥਾਣਾ ਕੱਚਾ ਪੱਕਾ ਵਿਖੇ ਦਰਜ ਕੀਤੇ ਮੁਕੱਦਮੇਂ 'ਚ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਜਿਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Posted By: Jagjit Singh