ਜਸਪਾਲ ਸਿੰਘ ਜੱਸੀ/ਬੱਲੂ ਮਹਿਤਾ, ਤਰਨਤਾਰਨ/ਪੱਟੀ : ਪੰਜਾਬ ਪੁਲਿਸ ਨੇ ਨਾਰਕੋਟਿਕ ਸੈੱਲ ਤਰਨਤਾਰਨ ਅਤੇ ਪੱਟੀ ਦੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਕਿੱਲੋ ਹੈਰੋਇਨ ਬਰਾਮਦ ਕਰ ਕੇ ਇਨੋਵਾ ਗੱਡੀ 'ਚ ਸਵਾਰ ਔਰਤ ਸਣੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬਰਾਮਦਗੀ ਸੈੱਲ ਨੇ ਸੂਚਨਾ ਦੇ ਅਧਾਰ 'ਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਪੱਟੀ ਖੇਤਰ 'ਚੋਂ ਕੀਤੀ ਹੈ।

ਤਰਨਤਾਰਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਪੜਤਾਲੀਆ ਹਰਜੀਤ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਤਰਨਤਾਰਨ ਦੇ ਇੰਚਾਰਜ ਸਬ ਇੰਸਪੈਕਟਰ ਸੁਖਰਾਜ ਸਿੰਘ ਕੋਲ ਸੂਚਨਾ ਸੀ ਕਿ ਕੁਝ ਲੋਕ ਇਲਾਕੇ ਵਿਚ ਨਸ਼ੇ ਦਾ ਧੰਦਾ ਕਰ ਰਹੇ ਹਨ। ਸੂਚਨਾ ਦੇ ਅਧਾਰ 'ਤੇ ਉਨ੍ਹਾਂ ਨਾਰਕੋਟਿਕ ਸੈੱਲ ਪੱਟੀ ਦੇ ਇੰਚਾਰਜ ਸਬ-ਇੰਸਪੈਕਟਰ ਬਲਰਾਜ ਸਿੰਘ ਸਮੇਤ ਪੱਟੀ ਦੇ ਪ੍ਰਿੰਗੜੀ ਪਿੰਡ ਕੋਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੂਹੀਏ ਵੱਲੋਂ ਦੱਸੀ ਇਨੋਵਾ ਗੱਡੀ ਨੰਬਰ ਐਮਐਚ43-ਡੀ-8597 ਨਾਕੇ 'ਤੇ ਪਹੁੰਚ ਗਈ। ਉਸ ਵਿਚ ਸਵਾਰ ਦੋ ਲੋਕਾਂ ਜਿਨ੍ਹਾਂ ਦੀ ਪਛਾਣ ਸੁਰਜੀਤ ਸਿੰਘ ਉਰਫ ਟੋਲੂ ਪੁੱਤਰ ਰੇਸ਼ਮ ਸਿੰਘ ਵਾਸੀ ਪੱਟੀ ਅਤੇ ਹਰਜੀਤ ਕੌਰ ਪਤਨੀ ਤੇਗ ਬਹਾਦਰ ਸਿੰਘ ਵਾਸੀ ਮੁੱਦਕੀ ਵਜੋਂ ਹੋਈ, ਦੀ ਤਲਾਸ਼ੀ ਡੀਐੱਸਪੀ ਪੜਤਾਲੀਆ ਹਰਦੀਪ ਸਿੰਘ ਦੀ ਹਾਜ਼ਰੀ 'ਚ ਲਈ ਗਈ ਤਾਂ ਸੁਰਜੀਤ ਕੋਲੋਂ 800 ਅਤੇ ਹਰਜੀਤ ਕੌਰ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਪੱਟੀ 'ਚ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨਸ਼ੀਲੇ ਪਦਾਰਥ ਮੋਗਾ ਵਾਸੀ ਇਕ ਵਿਅਕਤੀ ਕੋਲੋਂ ਲਿਆਏ ਸਨ। ਉਨ੍ਹਾਂ ਦੱਸਿਆ ਕਿ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਕਿੰਨੇ ਸਮੇਂ ਤੋਂ ਕਾਰੋਬਾਰ ਕਰਦੇ ਆ ਰਹੇ ਹਨ।

Posted By: Seema Anand