v> ਗੁਰਬਰਿੰਦਰ ਸਿੰਘ, ਫਤਿਆਬਾਦ : ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੈ 26 ਜਨਵਰੀ ਮੌਕੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਮਾਰਚ ’ਚ ਸ਼ਾਮਲ ਦੋ ਟਰੈਕਟਰਾਂ ਦੀ ਹੋਈ ਟੱਕਰ ’ਚ ਇਕ ਟਰੈਕਟਰ ਦੋ ਟੋਟੇ ਹੋ ਗਿਆ ਜਦੋਂਕਿ ਦੂਸਰੇ ਟਰੈਕਟਰ ਤੇ ਸਵਾਰ ਨੌਜਵਾਨ ਦੇ ਹੇਠਾਂ ਡਿੱਗਣ ਕਾਰਨ ਗੰਭੀਰ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਕਰਨ ਦੇ ਸੱਦੇ ’ਤੇ ਉਥੇ ਜਾਂਣ ਤੋਂ ਖੁੰਝ ਗਏ ਕਿਸਾਨਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਕੱਠੇ ਹੋ ਕੇ ਮਾਰਚ ਦੀ ਸ਼ੁਰੂਆਤ ਕੀਤੀ। ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰਾਂ ਸਮੇਤ ਸ਼ਮੂਲੀਅਤ ਕੀਤੀ। ਇਸ ਮਾਰਚ ਦੌਰਾਨ ਫਤਿਆਬਾਦ ਵੱਲ ਆਉਂਦੇ ਹੋਏ ਪੈਟਰੋਲ ਪੰਪ ਨਜਦੀਕ ਪਿੰਡ ਪਿੰਡੀਆਂ ਨਿਵਾਸੀ ਸਰਬਜੀਤ ਸਿੰਘ ਦੇ ਟਰੈਕਟਰ ਨੂੰ ਦੂਸਰੇ ਟਰੈਕਟਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦਾ ਟਰੈਕਟਰ ਦੋ ਟੋਟੇ ਹੋ ਗਿਆ। ਜਦੋਂਕਿ ਦੂਸਰੇ ਟਰੈਕਟਰ ’ਤੇ ਸਵਾਰ ਸਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਝੰਡੇਰ ਮਹਾਂਪੁਰਖ ਟਰੈਕਟਰ ਤੋਂ ਡਿਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫਤਿਆਬਾਦ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ।

Posted By: Susheel Khanna