ਜਸਪਾਲ ਸਿੰਘ ਜੱਸੀ, ਤਰਨਤਾਰਨ : ਫਰਜ਼ੀ ਟਰੈਵਲ ਏਜੰਟ ਵੱਲੋਂ ਜਰਮਨ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਲੈ ਕੇ ਯੂਕਰੇਨ ਦੇਸ਼ ਵਿਚ ਫਸਾਏ ਤਿੰਨ ਨੌਜਵਾਨਾਂ ਨੂੰ ਤਰਨਤਾਰਨ ਪੁਲਿਸ ਨੇ ਭਾਰਤ ਮੰਗਵਾਇਆ ਹੈ। ਨੌਜਵਾਨਾ ਦੇ ਵਾਪਸ ਆਉਣ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਪੁਲਿਸ ਨੇ ਨੌਜਵਾਨਾਂ ਨੂੰ ਯੂਕਰੇਨ ਭੇਜਣ ਦਾ ਹਿੱਸਾ ਬਣੇ ਤਰਨਤਾਰਨ ਦੇ ਇਕ ਨੌਜਵਾਨ ਨੂੰ ਬਕਾਇਆ ਗ੍ਰਿਫਤਾਰ ਵੀ ਕਰ ਲਿਆ ਹੈ।

ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਦਸ ਮਹੀਨੇ ਪਹਿਲਾਂ ਫਰਜੀ ਟਰੈਵਲ ਏਜੰਟ ਨੇ ਜਰਮਨ ਭੇਜਣ ਦੇ ਨਾਂ 'ਤੇ ਤਿੰਨ ਨੌਜਵਾਨਾਂ ਨੂੰ ਸਾਢੇ ਪੰਜ ਲੱਖ ਰੁਪਏ ਪ੍ਰਤੀ ਨੌਜਵਾਨ ਲੈ ਕੇ ਯੂਕਰੇਨ ਵਿਚ ਛੱਡ ਦਿੱਤਾ ਸੀ। ਜਿਥੇ ਇਹ ਨੌਜਵਾਨ ਦਸ ਮਹੀਨੇ ਤੋਂ ਭੁੱਖਮਰੀ ਵਾਲੀ ਜਿੰਦਗੀ ਬਤੀਤ ਕਰ ਰਹੇ ਸਨ। ਭਾਰੀ ਠੰਡ ਦੇ ਚਲਦਿਆਂ ਇਨ੍ਹਾਂ ਨੌਜਵਾਨਾਂ ਦਾ ਕੋਈ ਨੁਕਸਾਨ ਹੋ ਸਕਦਾ ਸੀ। ਪਰ ਇਸ ਤੋਂ ਪਹਿਲਾਂ ਇਕ ਨੌਜਵਾਨ ਨੇ ਉਨ੍ਹਾਂ ਇੰਟਰਨੈੱਟ ਕਾਲ ਰਾਹੀਂ ਰਾਬਤਾ ਕਰ ਲਿਆ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨੌਜਵਾਨ ਪੰਜਾਬ ਸਰਕਾਰ ਦੀ ਮਦਦ ਨਾਲ ਚਾਰ ਦਿਨਾਂ 'ਚ ਆਪਣੇ ਘਰ ਪਹੁੰਚ ਗਏ ਹਨ ਅਤੇ ਇਨ੍ਹਾਂ ਨੂੰ ਇਸ ਹਾਲਤ ਤਕ ਪਹੁੰਚਾਉਣ ਵਾਲਾ ਤਰਨਤਾਰਨ ਦੇ ਪਿੰਡ ਸੰਘੇ ਦੇ ਨੌਜਵਾਨ ਸੰਦੀਪ ਸਿੰਘ ਪੁੱਤਰ ਦੀਦਾਰ ਸਿੰਘ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਤੇਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਚੰਡੀਗੜ ਜੋ ਹਾਲੇ ਵਿਦੇਸ਼ ਵਿਚ ਹੈ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਦੇਸ਼ੋ ਪਰਤੇ ਹਰਦੀਪ ਪੁੱਤਰ ਰਾਮ ਜੀ ਦਾਸ ਵਾਸੀ ਪਿੰਡ ਬਾਜੜਾ ਜ਼ਿਲ੍ਹਾ ਜਲੰਧਰ, ਰਵੀ ਪੁੱਤਰ ਸਤਪਾਲ ਵਾਸੀ ਜਲੰਧਰ ਅਤੇ ਗੁਰਪ੍ਰੀਤ ਰਾਮ ਪੁੱਤਰ ਪਾਲਾ ਰਾਮ ਵਾਸੀ ਔਜਲਾ ਜ਼ਿਲ੍ਹਾ ਜਲੰਧਰ ਨੇ ਕਿਹਾ ਕਿ ਸਾਢੇ ਪੰਜ ਲੱਖ ਰੁਪਏ ਲੈਣ ਤੋਂ ਇਲਾਵਾ ਉਨ੍ਹਾਂ ਤੋਂ 1500-1500 ਯੂਰੋ 'ਤੇ ਪਾਸਪੋਰਟ ਵੀ ਲੈ ਲਏ ਸਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਭਾਰਤ ਲਿਆਉਣ ਦਾ ਹੀਲਾ ਨਾ ਕਰਦੀ ਤਾਂ ਅੱਜ ਉਹ ਜ਼ਿੰਦਾ ਨਾ ਹੁੰਦੇ।