ਪੱਤਰ ਪ੍ਰੇਰਕ, ਤਰਨਤਾਰਨ : ਥਾਣਾ ਸਿਟੀ ਤਰਨਤਾਰਨ ਦੀ ਚੌਂਕੀ ਟਾਉਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਕਰਕੇ ਇਕ ਕਾਰ ਬਰਾਮਦ ਕੀਤੀ ਹੈ, ਜਿਸ ਵਿਚੋਂ 32 ਬੋਰ ਦਾ ਪਿਸਤੌਲ ਵੀ ਮਿਲਿਆ ਹੈ। ਹਾਲਾਂਕਿ ਕਾਰ ਵਿਚ ਸਵਾਰ ਤਿੰਨ ਲੋਕ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਪੁਲਿਸ ਨੇ ਅਸਲ੍ਹਾ ਐਕਟ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਜਾਇਜ਼ ਅਸਲੇ ਸਣੇ ਕਾਰ ਵਿਚ ਘੁੰਮ ਰਹੇ ਹਨ। ਉਨ੍ਹਾਂ ਨੇ ਬੁੱਗਾ ਰੋਡ 'ਤੋ ਰੋਹੀ ਵਾਲੇ ਪੁਲ ਉੱਪਰ ਨਾਕਾਬੰਦੀ ਕਰ ਲਈ। ਇਸੇ ਦੌਰਾਨ ਸਵਿੱਫਟ ਡਿਜਾਈਰ ਕਾਰ ਨੰਬਰ ਪੀਬੀ46-ਜੀ-0029 ਵਿਚ ਸਵਾਰ ਤਿੰਨ ਲੋਕ ਕਾਰ ਛੱਡ ਕੇ ਫ਼ਰਾਰ ਹੋ ਗਏ, ਜਿਸ ਵਿਚੋਂ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਾਰ ਸਵਾਰਾਂ ਦੀ ਪਛਾਣ ਰੈਂਬੋ ਵਾਸੀ ਪੱਟੀ, ਪਲਵਿੰਦਰ ਸਿੰਘ ਵਾਸੀ ਨੂਰਦੀ ਚੌਂਕ ਝਬਾਲ ਰੋਡ ਤਰਨਤਾਰਨ ਤੇ ਜਸਕਰਨ ਸਿੰਘ ਵਾਸੀ ਤਰਨਤਾਰਨ ਵਜੋਂ ਕਰ ਲਈ ਗਈ ਹੈ। ਜਿਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਕੇ ਜਿੱਥੇ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਕੋਲ ਨਜਾਇਜ਼ ਅਸਲ੍ਹਾ ਕਿੱਥੋਂ ਆਇਆ ਅਤੇ ਹੋਰ ਕਿਹੜੇ ਅਪਰਾਧਿਕ ਮਾਮਲੇ ਦਰਜ ਹਨ।

Posted By: Sarabjeet Kaur