ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਜ਼ਿਲ੍ਹਾ ਤਰਨਤਾਰਨ ਅੰਦਰ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਪੁਲਿਸ ਮੁਕਾਬਲੇ ਤੋਂ ਬਾਅਦ ਗਿ੍ਫਤਾਰੀਆਂ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਕਸਬਾ ਹਰੀਕੇ ਦੇ ਪੱਟੀ ਰੋਡ ਤੇ ਚੋਰਾਂ ਵੱਲੋਂ ਇਕੋ ਰਾਤ 4 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਦੌਰਾਨ ਚੋਰ ਤਿੰਨ ਦੁਕਾਨਾਂ ਤੋਂ ਨਕਦੀ ਅਤੇ ਸਮਾਨ ਚੋਰੀ ਕਰ ਲੈ ਗਏ ਜਦੋਂਕਿ ਚੌਥੀ ਦੁਕਾਨ ਦੇ ਕੇਵਲ ਤਾਲੇ ਹੀ ਤੋੜੇ ਗਏ।

ਜਾਣਕਾਰੀ ਅਨੁਸਾਰ ਪੰਜਾਬ ਕਰਿਆਨਾ ਸਟੋਰ ਦੇ ਮਾਲਕ ਲਵਸੰਦੀਪ ਸਿੰਘ ਪੁੱਤਰ ਪਿ੍ਤਪਾਲ ਸਿੰਘ ਨੇ ਦੱਸਿਆ ਚੋਰਾਂ ਨੇ ਕਟਰ ਦੀ ਮਦਦ ਨਾਲ ਸ਼ਟਰ ਕੱਟ ਕੇ 80 ਹਜ਼ਾਰ ਦਾ ਕਰਿਆਨਾ ਜਿਸ ਵਿਚ ਦੇਸੀ ਘਿਉ, ਬਦਾਮ ਗਿਰੀ, ਲਾਚੀਆਂ, ਖੰਡ, ਰਿਫਾਇੰਡ, ਸਾਬਣ, ਚਾਹ ਪੱਤੀ ਅਤੇ ਅਲਮਾਰੀ ਵਿਚ ਰੱਖੀ 25 ਹਜ਼ਾਰ ਨਕਦੀ ਚੋਰੀ ਕਰਕੇ ਲੈ ਗਏ।

ਇਸ ਤੋਂ ਬਾਅਦ ਨੇੜੇ ਦੀ ਦੁਕਾਨ ਮਰਹਾਣਾ ਬਿਲਡਿੰਗ ਮਟੀਰਿਅਲ ਦੇ ਤੋਲੇ ਤੋੜ ਕੇ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਤੋ ਬਾਅਦ ਬਲਜੀਤ ਸਿੰਘ ਬੰਟੀ ਦੀ ਦੁਕਾਨ ਤੋਂ 10 ਕਿਲੋ ਨਵਾਂ ਪੁਰਾਣਾ ਤਾਂਬਾਂ, ਇਕ ਮੋਟਰ ਅਤੇ 6 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਤੋ ਇਲਾਵਾ ਚੋਰਾਂ ਵੱਲੋਂ ਸਰਬਜੀਤ ਸਿੰਘ ਉਰਫ ਭੋਲਾ ਦੀ ਦੁਕਾਨ ਦੇ ਤਾਲੇ ਤੋੜੇ ਗਏ।

ਹਾਲਾਂਕਿ ਇਸ ਦੁਕਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਥਾਣਾ ਹਰੀਕੇ ਵਿਖੇ ਇਤਲਾਹ ਦੇ ਦਿੱਤੀ ਗਈ। ਪੁਲਿਸ ਨੇ ਚੋਰਾਂ ਦੀ ਭਾਲ ਲਈ ਯਤਨ ਆਰੰਭ ਕਰ ਦਿੱਤੇ ਹਨ ਪਰ ਨਿੱਤ ਦਿਹਾੜੇ ਵਾਪਰ ਰਹੀਆਂ ਘਟਨਾਵਾਂ 'ਤੇ ਕਾਬੂ ਪਾਉਣ ’ਚ ਅਸਫਲ ਰਹਿਣ ਵਾਲੀ ਪੁਲਿਸ ਤੋਂ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ।

ਹਰ ਰੋਜ ਜਿਲ੍ਹਾ ਪੁਲਿਸ ਵੱਲੋਂ ਬਲਦਵੇਂ ਮੁਲਾਜਮਾਂ ਦੀ ਸੂਚੀ ਜਾਰੀ ਕਰਕੇ ਕਸਬਾ ਹਰੀਕੇ ਦੇ ਆਸਪਾਸ ਤਿੰਨ ਥਾਵਾਂ ਤੇ ਨਾਕਾਬੰਦੀ ਕੀਤੀ ਜਾਦੀ ਹੈ ਜੋ ਰਾਤ 10 ਵਜੇ ਤੋ ਸਵੇਰੇ 6 ਵਜੇ ਤਕ ਜਾਰੀ ਰਹਿੰਦੀ ਹੈ। ਇਸ ਤੋਂ ਇਲਾਵਾ ਬਜਾਰ ਦੇ ਦੁਕਾਨਦਾਰਾਂ ਵੱਲੋ ਆਪਣੇ ਖਰਚ ਤੇ ਸੀਪੀਓਜ਼ ਨੂੰ ਰਖਵਾਲੀ ਦੀ ਜਿੰਮੇਵਾਰੀ ਦਿੱਤੀ ਹੋਈ ਹੈ। ਇਥੇ ਹੀ ਬੱਸ ਨਹੀਂ ਥਾਣਾ ਹਰੀਕੇ ਵੱਲੋਂ ਵੱਖਰੇ ਤੌਰ 'ਤੇ ਫਲਾਇੰਗ ਟੀਮ ਰਾਹੀ ਲੋਕਾਂ ਦੇ ਜਾਨਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਸ਼ਤ ਕੀਤੀ ਜਾਦੀ ਹੈ। ਪਰ ਲੂੱਟਾਂ ਖੋਹਾਂ, ਚੋਰੀਆਂ ਅਤੇ ਵਾਹਨ ਖੋਹੇ ਜਾਣ ਦੀਆਂ ਘਟਨਾਵਾਂ ਸਾਹਮਣੇ ਪੁਲਿਸ ਦੇ ਯਤਨ ਬੌਣੇ ਦਿਖਾਈ ਦੇ ਰਹੇ ਹਨ।

ਉਧਰ ਸੰਪਰਕ ਕਰਨ ’ਤੇ ਥਾਣਾ ਹਰੀਕੇ ਦੇ ਮੁੱਖ ਅਫਸਰ ਗੁਰਮੇਲ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਪੁਲਿਸ ਲੋਕਾਂ ਦੀ ਜਾਨਮਾਲ ਦੀ ਰਖਵਾਲੀ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਚੋਰੀਆਂ ਕਰਨ ਵਾਲੇ ਗਿਰੋਹ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ ਤੇ ਮੁਲਜ਼ਮ ਸਲਾਖਾਂ ਪਿਛੇ ਹੋਣਗੇ।

Posted By: Jagjit Singh