ਰਵੀ ਖਹਿਰਾ, ਖਡੂਰ ਸਾਹਿਬ : ਲੋਕਾਂ ਵੱਲੋਂ ਕਾਬੂ ਕਰਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਦੇ ਹਵਾਲੇ ਕੀਤਾ ਚੋਰ ਦੇ ਥਾਣੇ ਦੇ ਅੱਗੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਨੂੰ ਫੜਨ ਵਾਲੇ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਉੱਪਰ ਅਣਗਹਿਲੀ ਵਰਤਣ ਦੇ ਗੰਭੀਰ ਇਲਜਾਮ ਲਗਾਉਂਦੇ ਹੋਏ ਵੀਡੀਓ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਫੜਿਆ ਗਿਆ ਚੋਰ ਲੰਬੇ ਸਮੇਂ ਤੋਂ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਅਤੇ ਬੀਤੇ ਸਾਲ ਗੋਇੰਦਵਾਲ ਸਾਹਿਬ ਪੁਲਿਸ ਵੱਲੋ ਫੜੇ ਗਏ ਚੋਰ ਗਰੋਹ ਦਾ ਮੈਂਬਰ ਹੈ। ਆਮ ਲੋਕਾਂ ਵਲੋ ਪੁਲਸ ਨੂੰ ਚੋਰ ਫੜਾਉਣ ਤੋਂ ਬਾਅਦ ਉਕਤ ਚੋਰ ਦੇ ਨਾਟਕੀ ਢੰਗ ਨਾਲ ਥਾਣੇ ਅੱਗੋਂ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਜਾਣਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਹੈ।

ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਤਰਨਮਜੀਤ ਸਿੰਘ ਵਾਸੀ ਸ੍ਰੀ ਗੋਇੰਦਵਾਲ ਸਾਹਿਬ ਨੇ ਪੁਲਿਸ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਦੀ ਹਿਰਾਸਤ ਵਿਚੋਂ ਉਕਤ ਵਿਅਕਤੀ ਆਖਿਰ ਕਿਸ ਤਰ੍ਹਾਂ ਫਰਾਰ ਹੋ ਗਿਆ। ਇਹ ਮਾਮਲਾ ਜਦੋਂ ਡੀਐੱਸਪੀ ਸਬ ਡਵੀਜਨ ਸ੍ਰੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਜਾਂਚ ਕੀਤੀ ਜਾ ਰਹੀ ਹੈ। ਲਾਪਰਵਾਹੀ ਵਰਤਣ ਵਾਲੇ ਪੁਲਿਸ ਕਰਮਚਾਰੀਆਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Posted By: Jagjit Singh