Punjab news ਗੁਰਬਰਿੰਦਰ ਸਿੰਘ, ਫਤਿਆਬਾਦ : ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਿੰਨ ਵਿਅਕਤੀ ਕਿਸੇ ਦਾ ਪਤਾ ਪੁੱਛਣ ਲਈ ਇਕ ਘਰ ਅੱਗੇ ਰੁਕੇ ਤੇ ਮੌਕਾ ਪਾ ਕੇ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਗਲੀਆਂ ਚੋਂ ਪਲਾਸਟਿਕ ਆਦਿ ਚੁੱਕਣ ਵਾਲੇ ਉਕਤ ਤਿੰਨਾਂ ਮੁਲਜ਼ਮਾਂ ਦੀ ਪਰਿਵਾਰ ਨੇ ਪਛਾਣ ਕਰ ਲਈ ਹੈ। ਜਿਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਸਰਬਜੀਤ ਕੌਰ ਪਤਨੀ ਵਜੀਰ ਸਿੰਘ ਵਾਸੀ ਸ੍ਰੀ ਗੋਇੰਦਵਾਲ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਸੱਸ ਮਨਜੀਤ ਕੌਰ (65) ਸਮੇਤ ਉਹ ਘਰ ਵਿਚ ਮੌਜੂਦ ਸੀ। ਇਸੇ ਦੌਰਾਨ ਸ਼ਾਮ ਕਰੀਬ ਪੌਣੇ ਛੇ ਵਜੇ ਤਿੰਨ ਨੌਜਵਾਨ ਉਨ੍ਹਾਂ ਦੇ ਦਰਵਾਜੇ ’ਤੇ ਆਏ ਤੇ ਕਿਸੇ ਵਿਅਕਤੀ ਦਾ ਘਰ ਪੁੱਛਣ ਲੱਗੇ। ਤਿੰਨਾਂ ਚੋਂ ਇਕ ਨੇ ਉਸ ਨੂੰ ਪਾਣੀ ਪਿਆਉਣ ਦੀ ਮੰਗ ਕੀਤੀ। ਜਦੋਂ ਉਹ ਪਾਣੀ ਲੈਣ ਘਰ ਦੇ ਅੰਦਰ ਗਈ ਤਾਂ ਉਕਤ ਲੋਕਾਂ ਨੇ ਗੇਟ 'ਚ ਖੜ੍ਹੀ ਉਸ ਦੀ ਸੱਸ ਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਖੋਹ ਕਰਨ ਵਾਲੇ ਨੌਜਵਾਨਾਂ ਨੂੰ ਉਹ ਪਛਾਣਦੀ ਹੈ ਤੇ ਇਹ ਲੋਕ ਗਲੀ ਚੋਂ ਪਲਾਸਟਿਕ ਦੀਆਂ ਬੋਤਲਾਂ ਆਦ ਚੁੱਕਦੇ ਹਨ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਨੇਕ ਸਿੰਘ ਨੇ ਦੱਸਿਆ ਕਿ ਮਹਿਲਾ ਵੱਲੋਂ ਪਛਾਣੇ ਗਏ ਅਮਨਨਾਥ ਤੇ ਰਮਨ ਨਾਥ ਪੁੱਤਰ ਅਕਾਸ਼ ਨਾਥ ਤੋਂ ਇਲਾਵਾ ਮਨਦੀਪ ਨਾਥ ਪੁੱਤਰ ਸੇਵਕ ਨਾਥ ਵਾਸੀ ਫਤਿਆਬਾਦ ਨੂੰ ਮੁਕੱਦਮੇਂ 'ਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

Posted By: Sarabjeet Kaur