ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ 'ਚ ਇਕ ਵਾਰ ਫਿਰ ਫਰਜ਼ੀ ਅਸਲਾ ਲਾਇਸੰਸ ਬਣਾਉਣ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਚ ਕੇਸ ਦਰਜ ਹੋਇਆ ਹੈ। ਜਿਸ ਵਿਚ ਅਸਲਾ ਬ੍ਰਾਂਚ ਦੇ ਇੰਚਾਰਜ ਸਮੇਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਫੋਟੋ ਸਟੇਟ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਜ਼ਿਲ੍ਹੇ ਵਿਚ ਹਥਿਆਰਾਂ ਦੇ ਲਾਇਸੰਸ ਬਣਾਉਣ 'ਚ ਹੋਈਆਂ ਕਥਿਤ ਧਾਂਦਲੀਆਂ ਸਬੰਧੀ ਇਹ ਪਹਿਲਾ ਮਾਮਲਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਫਰਜ਼ੀਵਾੜਾ ਸਾਹਮਣੇ ਆਉਂਦਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਮੁਕੱਦਮੇ ਵੀ ਦਰਜ ਹੋਏ। ਹਾਲਾਂਕਿ ਇਹ ਮਾਮਲੇ ਬਾਅਦ ਵਿਚ ਠੰਢੇ ਬਸਤੇ ਵਿਚ ਪੈਂਦੇ ਦਿਖਾਈ ਦਿੱਤੇ।

ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਅਸਲਾ ਬ੍ਰਾਂਚ ਦੇ ਇੰਚਾਰਜ ਕਰਵਿੰਦਰ ਸਿੰਘ ਚੀਮਾ ਅਤੇ ਫੋਟੋ ਸਟੇਟ ਦੀ ਦੁਕਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਚਲਾਉਣ ਵਾਲੇ ਮਨਜਿੰਦਰ ਸਿੰਘ ਮਨੀ ਨਾਮਕ ਵਿਅਕਤੀ ਦੇ ਖ਼ਿਲਾਫ਼ ਪੀਓ ਸਟਾਫ ਤਰਨਤਾਰਨ ਦੇ ਇੰਚਾਰਜ ਏਐੱਸਆਈ ਸੁਖਵਿੰਦਰ ਸਿੰਘ ਵੱਲੋਂ ਥਾਣਾ ਸਿਟੀ ਤਰਨਤਾਰਨ 'ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਜ਼ੇਰੇ ਧਾਰਾ 409, 419, 467, 468, 471, 473 ਆਈਪੀਸੀ ਅਤੇ 120-ਬੀ ਦੇ ਤਹਿਤ ਦਰਜ ਕੀਤੇ ਗਏ ਮੁਕੱਦਮਾਂ ਨੰਬਰ 293 'ਚ ਜ਼ਿਕਰ ਕੀਤਾ ਗਿਆ ਹੈ ਕਿ ਕਰਵਿੰਦਰ ਸਿੰਘ ਚੀਮਾ ਵਾਸੀ ਚੀਮਾ ਕਲਾਂ ਅਤੇ ਮਨਜਿੰਦਰ ਸਿੰਘ ਮਨੀ ਵਾਸੀ ਪੰਡੋਰੀ ਗੋਲਾ ਨੇ ਮਿਲ ਕੇ ਕਥਿਤ ਤੌਰ 'ਤੇ 200 ਤੋਂ ਵੱਧ ਜਾਅਲੀ ਅਸਲਾ ਲਾਇਸੰਸ ਬਣਾਏ ਹੋ ਸਕਦੇ ਹਨ। ਇਹ ਦੋਵੇਂ ਹੋਰ ਜਾਅਲੀ ਕਾਗਜ਼ਾਤ ਅਤੇ ਪਛਾਣ ਪੱਤਰ ਬਣਾ ਕੇ ਜਾਅਲੀ ਲਾਇਸੰਸ ਬਣਾਉਂਦੇ ਆ ਰਹੇ ਹਨ। ਇਥੇ ਦੱਸਣਾ ਬਣਦਾ ਹੈ ਕਿ ਤਰਨਤਾਰਨ ਦੇ ਜ਼ਿਲ੍ਹਾ ਬਣਨ ਤੋਂ ਬਾਅਦ ਅਸਲਾ ਲਾਇਸੰਸਾਂ 'ਚ ਫ਼ਰਜ਼ੀਵਾੜੇ ਸਬੰਧੀ ਕਈ ਵਾਰ ਮਾਮਲੇ ਉੱਠਦੇ ਰਹੇ ਹਨ ਅਤੇ ਕੇਸ ਦਰਜ ਹੋਣ ਦੇ ਬਾਵਜੂਦ ਕਾਰਵਾਈ ਠੰਢੇ ਬਸਤੇ ਵਿਚ ਜਾਂਦੀ ਰਹੀ। ਸਾਲ 2016 'ਚ ਅਸਲਾ ਬ੍ਰਾਂਚ ਵਿਚ ਲੱਗੀ ਅੱਗ ਦਾ ਮਾਮਲਾ ਵੀ ਇਨ੍ਹਾਂ 'ਚ ਸ਼ਾਮਲ ਹੈ। ਹਾਲਾਂਕਿ ਉਸ ਸਮੇਂ ਵੀ ਕੁਝ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।


ਪੁਲਿਸ ਦੇ ਹੱਥ ਲੱਗੇ ਹਨ ਅਹਿਮ ਸਬੂਤ : ਐੱਸਪੀ ਨਾਰਕੋਟਿਕ

ਤਰਨਤਾਰਨ ਦੇ ਐੱਸਪੀ ਨਾਰਕੋਟਿਕ ਅਮਨਦੀਪ ਸਿੰਘ ਬਰਾੜ ਦਾ ਕਹਿਣਾ ਹੈ ਕਿ ਸੂਚਨਾ ਦੇ ਆਧਾਰ 'ਤੇ ਅਸਲਾ ਬ੍ਰਾਂਚ ਵਿਚ ਤਾਇਨਾਤ ਇੰਚਾਰਜ਼ ਕਰਵਿੰਦਰ ਸਿੰਘ ਚੀਮਾ ਅਤੇ ਮਨਜਿੰਦਰ ਸਿੰਘ ਮਨੀ ਨੂੰ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਦਫਤਰ ਕੋਲੋਂ ਰਿਕਾਰਡ ਲੈਣ ਵਾਸਤੇ ਡਿਪਟੀ ਕਮਿਸ਼ਨਰ ਦਫਤਰ ਨੂੰ ਲਿਖਿਆ ਜਾਵੇਗਾ। ਜਦੋਂਕਿ ਫ਼ਰਜ਼ੀ ਅਸਲਾ ਲਾਇਸੰਸ ਬਣਵਾਉਣ ਵਾਲੇ ਤਿੰਨ ਲੋਕ ਵੀ ਪੁਲਿਸ ਦੇ ਰਡਾਰ 'ਤੇ ਆ ਚੁੱਕੇ ਹਨ। ਜਾਂਚ ਨੂੰ ਅੱਗੇ ਵਧਾਉਂਦਿਆਂ ਗੰਨ ਹਾਊਸਾਂ ਦੇ ਰਿਕਾਰਡ ਨੂੰ ਵਾਚਿਆ ਜਾਵੇਗਾ। ਐੱਸਪੀ ਅਮਨਦੀਪ ਸਿੰਘ ਬਰਾੜ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਸਬੰਧੀ ਹਾਲੇ ਜਿਆਦਾ ਨਹੀਂ ਦੱਸਿਆ ਜਾ ਸਕਦਾ ਪਰ ਇਸ ਮਾਮਲੇ ਵਿਚ ਬਹੁਤ ਕਝ ਹੱਥ ਲੱਗਣ ਵਾਲਾ ਹੈ।

Posted By: Jagjit Singh