ਜਸਪਾਲ ਸਿੰਘ ਜੱਸੀ, ਤਰਨਤਾਰਨ : ਨਕਸਲੀਆਂ ਵਿਰੁੱਧ ਅਪ੍ਰੇਸ਼ਨ ’ਤੇ ਉੱਤਰੇ ਸੀਆਰਪੀਐੱਫ ਦੀ ਕੋਬਰਾ ਬਟਾਲੀਅਨ ਉੱਪਰ ਹੋਏ ਜ਼ਬਰਦਸਤ ਹਮਲੇ ਦੌਰਾਨ ਜ਼ਖਮੀ ਹੋਣ ਵਾਲੇ ਅਭਿਸ਼ੇਕ ਪਾਂਡੇ ਨਾਂ ਦੇ ਸਾਥੀ ਦੀ ਜਾਨ ਆਪਣੀ ਪੱਗ ਨਾਲ ਬਚਾ ਕੇ ਦੇਸ਼ ਭਰ ਅੰਦਰ ਚਰਚਾ ’ਚ ਆਏ ਕਮਾਂਡੋ ਬਲਰਾਜ ਸਿੰਘ ਦੇ ਘਰ ਵੀਰਵਾਰ ਨੂੰ ਕਲਪਨਾ ਚਾਵਲਾ ਸੁਸਾਇਟੀ ਨੇ ਪਹੁੰਚ ਕੀਤੀ। ਸੰਸਥਾ ਦੇ ਅਹੁਦੇਦਾਰਾਂ ਨੇ ਬਲਰਾਜ ਸਿੰਘ ਨਾਂ ਦੇ ਇਸ ਬਹਾਦਰ ਜਵਾਨ ਦੇ ਪਰਿਵਾਰ ਨੂੰ ਜਿਥੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਥੇ ਹੀ ਕਿਹਾ ਕਿ ਪਿੰਡ ਕਲੇਰ ਦੇ ਇਸ ਜਵਾਨ ਉੱਪਰ ਪੂਰੇ ਦੇਸ਼ ਨੂੰ ਮਾਣ ਹੈ।

ਕਮਾਂਡੋ ਬਲਰਾਜ ਸਿੰਘ ਕਲੇਰ ਦੇ ਮਾਤਾ ਹਰਜੀਤ ਕੌਰ, ਪਿਤਾ ਜਸਵੰਤ ਸਿੰਘ ਤੇ ਧਰਮ ਪਤਨੀ ਬੀਬੀ ਯਾਦਵਿੰਦਰ ਕੌਰ ਤੋਂ ਇਲਾਵਾ ਕਮਾਂਡੋ ਦੀਆਂ ਭੈਣਾਂ ਦਾ ਸਨਮਾਨ ਕਰਦਿਆਂ ਕਲਪਨਾ ਚਾਵਲਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਬਲਰਾਜ ਸਿੰਘ ਨੇ ਸਰਦਾਰ ਦੀ ਪੱਗ ਦਾ ਨਾਂ ਸੰਸਾਰ ਵਿਚ ਉੱਚਾ ਕਰ ਦਿੱਤਾ ਹੈ ਅਤੇ ਅੱਜ ਉਸਦੇ ਪਰਿਵਾਰ ਦਾ ਸਨਮਾਨ ਵੀ ਦਸਤਾਰ ਤੇ ਸਿਰਪਾਓ ਭੇਟ ਕਰਕੇ ਕੀਤਾ ਗਿਆ ਹੈ। ਬਲਰਾਜ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਹੈ ਕਿ ਸ਼ਨਿੱਚਰਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਆਪਣੇ ਗੋਲੀ ਲੱਗਣ ਦੇ ਬਾਵਜੂਦ ਵੀ ਆਪਣੀ ਪੱਗ ਆਪਣੇ ਕਮਾਡੋਂ ਸਾਥੀ ਅਭਿਸ਼ੇਕ ਪਾਡੇਂ ਦੇ ਜਖਮ ਤੇ ਬੰਨੀ ਤੇ ਜਖ਼ਮੀ ਹੋਣ ਦੇ ਬਾਵਜੂਦ ਆਪਣੀ ਪਰਵਾਹ ਨਾ ਕਰਦਿਆਂ ਆਪਣੇ ਜਖਮੀ ਸਾਥੀਆਂ ਦੀ ਮੱਦਦ ਕਰਦਾ ਹੋਇਆ ਨਿਕਲਿਆ। ਕਮਾਂਡੋ ਬਲਰਾਜ ਸਿੰਘ ਕਲੇਰ ਤਿੰਨ ਭੈਣਾ ਨਵਦੀਪ ਕੌਰ, ਬਲਪ੍ਰੀਤ ਕੌਰ ਤੇ ਰਾਜਬੀਰ ਕੌਰ ਦਾ ਇਕਲੌਤਾ ਭਰਾ ਹੈ। ਬਲਰਾਜ ਦੇ ਅੰਕਲ ਕੈਪਟਨ ਮਨੋਹਰ ਸਿੰਘ ਤੇ ਜਿਗਰੀ ਯਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ ਸ਼ੁਰੂ ਤੋਂ ਹੀ ਬਹੁਤ ਬਹਾਦਰ ਤੇ ਦਲੇਰ ਨੌਜਵਾਨ ਹੈ ਤੇ ਇਸੇ ਕਰਕੇ ਆਪ ਮੁਸੀਬਤ ਵਿਚ ਖੁਦ ਦੇ ਗੋਲੀ ਲੱਗਣ ਦੇ ਬਾਵਜੂਦ ਵੀ ਆਪਣੇ ਜਖਮੀ ਸਾਥੀ ਦੀ ਮੱਦਦ ਕਰਕੇ ਸਿੱਖ ਕੌਮ ਦੀ ਦਸਤਾਰ ਦਾ ਨਾਂ ਉੱਚਾ ਕੀਤਾ। ਕਲਪਨਾ ਚਾਵਲਾ ਸੁਸਾਇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ ਢਿੱਲੋਂ, ਬਖਸ਼ੀਸ਼ ਸਿੰਘ ਜਵੰਦਾ, ਪ੍ਰਗਟ ਸਿੰਘ ਪੰਡੋਰੀ, ਸ਼ਰਨਜੀਤ ਸਿੰਘ, ਜਗਜੀਤ ਸਿੰਘ, ਬਲਜਿੰਦਰ ਸਿੰਘ ਨੇ ਡਿਪਟੀ ਕਮਿਮਸ਼ਨਰ ਨੂੰ ਅਪੀਲ ਕੀਤੀ ਕਿ ਬਲਰਾਜ ਸਿੰਘ ਦੀ ਬਹਾਦਰੀ ਲਈ ਪੰਜਾਬ ਸਰਕਾਰ ਨੂੰ ਪੁਰਸਕਾਰ ਲਈ ਸਿਫਾਰਸ਼ ਕਰਨ।

Posted By: Susheel Khanna