ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਕਰਪੁਰਾ ਦੀ ਕੈਥੋਲਿਕ ਚਰਚ ਮਾਤਾ ਮਰੀਅਮ ਅਤੇ ਪ੍ਰਭੂ ਯਿਸ਼ੂ ਮਸੀਹ ਦੀਆਂ ਮੂਰਤੀਆਂ ਦੀ ਕੀਤੀ ਗਈ ਬੇਅਦਬੀ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਵੱਡੀ ਗਿਣਤੀ ਵਿਚ ਇਸਾਈ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੇ ਜਿਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਉਥੇ ਹੀ ਕੌਮੀ ਸ਼ਾਹ ਮਾਰਗ 54 ’ਤੇ ਆਵਾਜਾਈ ਜਾਮ ਕਰਕੇ ਮੁੱਖ ਮੰਤਰੀ ਦੇ ਨਾਂ ਐੱਸਡੀਐੱਮ ਨੂੰ ਮੈਮੋਰੰਡਮ ਵੀ ਸੌਂਪਿਆ ਜਿਸ ਵਿਚ ਬੇਅਦਬੀ ਨੂੰ 22 ਦਿਨ ਬੀਤਣ ਦੇ ਬਾਵਜੂਦ ਮੁਲਜ਼ਮ ਪੁਲਿਸ ਦੀ ਗਿ੍ਫਤ ਤੋਂ ਬਾਹਰ ਹੋਣ ’ਤੇ ਰੋਸ ਪ੍ਰਗਟਾਇਆ ਗਿਆ। ਇਕੱਤਰ ਹੋਏ ਮਸੀਹੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਜਿਥੇ ਧਰਨੇ ਵਿਚ ਪਹੁੰਚੇ, ਉਥੇ ਪ੍ਰਸ਼ਾਸਨ ਨੇ 15 ਦਿਨਾਂ ਵਿਚ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਚਰਚ ਐਕਸ਼ਨ ਕਮੇਟੀ ਠੱਕਰਪੁਰਾ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਚੇਅਰਮੈਨ ਫਾਦਰ ਮੈਥਿਊ ਕੋਕੰਡਮ, ਫਾਦਰ ਥਾਮਸ ਪੂਚਾਲਿਲ, ਫਾਦਰ ਪੀਟਰ, ਫਾਦਰ ਜੋਸਫ ਟੀਜੇ, ਜਸਬੀਰ ਸੰਧੂ, ਪ੍ਰਧਾਨ ਗਗਨ ਜੌਰਜ, ਬੀਰ ਮਸੀਹ, ਸੰਦੀਪ ਮਿੱਠੂ, ਪਰਗਟ ਮਸੀਹ, ਯੂਨਸ ਪੀਟਰ, ਰਾਕੇਸ਼ ਵਿਲੀਅਮ, ਦੋਮਨਿਕ ਮੱਟੂ, ਜੌਰਜ ਕੜਿਆਲ, ਤਰਸੇਮ ਸਹੋਤਾ, ਅਮਨ ਮਜੀਠਾ, ਸਨਾਵਰ ਭੱਟੀ, ਸੂਰਜ ਫੋਲੜੀਵਾਲ ਆਦਿ ਨੇ ਕਿਹਾ ਕਿ ਠੱਕਰਪੁਰਾ ਪੱਟੀ ਦੀ ਚਰਚ ਵਿਚ ਰਾਤ ਸਮੇਂ ਚੌਕੀਦਾਰ ਨੂੰ ਬੰਧਕ ਬਣਾ ਕੇ ਮਾਤਾ ਮਰੀਅਮ ਅਤੇ ਪ੍ਰਭੂ ਯਿਸ਼ੂ ਮਸੀਹ ਦੀਆਂ ਪਵਿੱਤਰ ਮੂਰਤੀਆਂ ਦੀ ਬੇਅਦਬੀ ਕੀਤੀ ਤੇ ਉੱਥੇ ਖੜ੍ਹੀ ਚਰਚ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਜਿਸ ਸਬੰਧੀ ਥਾਣਾ ਸਦਰ ਪੱਟੀ ਵਿਖੇ ਮੁਕੱਦਮਾ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਵਿਰੋਧ ਵਿਚ ਸਾਰੇ ਪੰਜਾਬ ’ਚ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜੇ ਗਏ ਹਨ। ਚਰਚ ਐਕਸ਼ਨ ਕਮੇਟੀ ਦੇ ਸੱਦੇ ’ਤੇ 19 ਸਤੰਬਰ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਦੋਸ਼ੀਆਂ ਦੀ ਗਿ੍ਫ਼ਤਾਰੀ ਵਿਚ ਹੋ ਰਹੀ ਦੇਰੀ ਲਈ ਰੋਸ ਪ੍ਰਦਰਸ਼ਨ ਕਰ ਕੇ ਪੱਟੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਹੁਣ ਤਕ ਨਾ ਤਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਤੇ ਨਾ ਹੀ ਕੋਈ ਗਿ੍ਫ਼ਤਾਰੀ ਕੀਤੀ ਗਈ ਹੈ। ਐੱਸਆਈਟੀ ਬਣਨ ਦੇ ਬਾਵਜੂਦ ਨਤੀਜਾ ਅੱਜ ਤਕ ਕੁਝ ਨਹੀਂ ਨਿਕਲਿਆ। ਜਿਸ ਨਾਲ ਪੰਜਾਬ ਤੇ ਪੰਜਾਬ ਦੇ ਬਾਹਰ ਵੱਸਦੇ ਇਸਾਈ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ। ਆਏ ਦਿਨ ਪੰਜਾਬ ਦੇ ਘੱਟ ਗਿਣਤੀ ਈਸਾਈ ਭਾਈਚਾਰੇ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਕਾਰਨ ਭਾਈਚਾਰੇ ਉੱਤੇ ਹਮਲੇ ਹੋ ਰਹੇ ਹਨ। ਸਮੁੱਚਾ ਭਾਈਚਾਰੇ ’ਚ ਡਰ ਦੇ ਕਾਰਨ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਜਿਹੜਾ ਘੱਟ ਗਿਣਤੀ ਈਸਾਈ ਭਾਈਚਾਰਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਗਿਣਨਯੋਗ ਸੇਵਾਵਾਂ ਨਿਭਾ ਰਿਹਾ ਹੈ, ਮਜਬੂਰੀਵਸ ਉਸ ਨੂੰ ਅੱਜ ਸੜਕਾਂ 'ਤੇ ਉੱਤਰਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਜਸਬੀਰ ਸੰਧੂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮਸੀਹੀ ਭਾਈਚਾਰੇ ਕੋਲੋਂ 15 ਦਿਨ ਦਾ ਸਮਾਂ ਮੰਗਿਆ ਹੈ, ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।

Posted By: Jagjit Singh