v> ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਰੂੜੀਵਾਲਾ ਵਿਖੇ ਮੋਟਰਸਾਈਕਲ ਸਵਾਰ ਨੂੰ ਕਾਰ ਸਵਾਰ ਵਿਅਕਤੀ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰਦਿਆਂ ਤਿੰਨ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਜਸਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਚੋਹਲਾ ਸਾਹਿਬ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਹ ਮੋਟਰਸਾਈਕਲ 'ਤੇ ਆਪਣੇ ਚਾਚੇ ਵਿਕਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਾਲ ਚੋਹਲਾ ਸਾਹਿਬ ਨੂੰ ਆ ਰਹੇ ਸੀ। ਜਦੋਂ ਉਹ ਪਿੰਡ ਰੂੜੀਵਾਲਾ ਨੇੜੇ ਪੁੱਜੇ ਤਾਂ ਪਿੱਛੋ ਇਕ ਸਵਿਫਟ ਡਿਜਾਇਰ ਕਾਰ ਬਿਨਾਂ ਨੰਬਰੀ ਉਨ੍ਹਾਂ ਕੋਲ ਆਈ। ਇਸ ਦੌਰਾਨ ਕਾਰ ਚਾਲਕ ਨੇ ਸਾਈਡ ਮਾਰ ਕੇ ਉਨ੍ਹਾਂ ਨੂੰ ਸੁੱਟ ਦਿੱਤਾ। ਕਾਰ ਵਿਚੋਂ ਨਿਕਲੇ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਜੱਗਪੁਰਾ ਨੇ ਪਿਸਤੌਲ ਨਾਲ ਉਸ ਉੱਪਰ ਫਾਇਰ ਕੀਤੇ। ਗੋਲੀਆਂ ਉਸਦੀ ਸੱਜੀ ਲੱਤ 'ਤੇ ਲੱਗੀਆਂ। ਘਟਨਾ ਮੌਕੇ ਤੋਂ ਹਮਲਾਵਰ ਫਰਾਰ ਹੋਣ ਵਿਚ ਸਫਲ ਹੋ ਗਏ। ਜਖਮੀ ਹੋਏ ਨੂੰ ਚਾਚੇ ਵਿਕਰਮਜੀਤ ਸਿੰਘ ਨੇ ਸਰਹਾਲੀ ਹਸਪਤਾਲ ਦਾਖਲ ਕਰਵਾਇਆ। ਜਿਥੋਂ ਡਾਕਟਰਾਂ ਨੇ ਉਸ ਨੂੰ ਤਰਨਤਾਰਨ ਦੇ ਹਸਪਤਾਲ ਰੈਫਰ ਕਰ ਦਿੱਤਾ। ਹੁਣ ਉਹ ਗੁਰੂ ਨਾਨਕ ਦੇਵ ਸੁਪਰ ਸਪੈਸਲਿਟੀ ਹਸਪਤਾਲ ਤਰਨਤਾਰਨ ਦਾਖਲ ਹੈ। ਜਾਂਚ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Posted By: Ravneet Kaur