ਜਸਪਾਲ ਸਿੰਘ ਜੱਸੀ/ਤੇਜਿੰਦਰ ਸਿੰਘ ਬੱਬੂ , ਤਰਨਤਾਰਨ/ਸਰਾਏ ਅਮਾਨਤ ਖਾਂ : ਤਰਨਤਾਰਨ ਦੇ ਪਿੰਡ ਕੋਟ ਧਰਮ ਚੰਦ ਕਲਾਂ 'ਚ ਮੰਗਲਵਾਰ ਸਵੇਰੇ ਸਾਂਝੀ ਵੱਟ ਤੋਂ ਰੁੱਖ ਵੱਢਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਸਕੇ ਭਰਾ ਨੇ ਗੋਲ਼ੀ ਮਾਰ ਕੇ ਦੋ ਸਕੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਿੰਡ ਕੋਟ ਧਰਮਚੰਦ ਕਲਾਂ ਨਿਵਾਸੀ ਬਾਜ ਸਿੰਘ ਦੇ ਤਿੰਨ ਲੜਕੇ ਦਿਲਬਾਗ ਸਿੰਘ, ਲਾਲ ਸਿੰਘ ਅਤੇ ਮਨਜਿੰਦਰ ਸਿੰਘ ਸਨ। ਜਿਨ੍ਹਾਂ ਵਿਚੋਂ ਦਿਲਬਾਗ ਸਿੰਘ ਅਤੇ ਲਾਲ ਸਿੰਘ ਇਕੱਠੇ ਰਹਿੰਦੇ ਸਨ ਅਤੇ ਮਨਜਿੰਦਰ ਸਿੰਘ ਜ਼ਮੀਨ ਦੀ ਵੰਡ ਕਰਕੇ ਵੱਖਰਾ ਰਹਿ ਰਿਹਾ ਸੀ। ਵੰਡੀ ਗਈ ਜ਼ਮੀਨ ਦੀ ਸਾਂਝੀ ਵੱਟ 'ਤੇ ਲੱਗੇ ਰੁੱਖਾਂ 'ਤੇ ਹੱਕ ਜਮਾਉਣ ਨੂੰ ਲੈ ਕੇ ਭਰਾਵਾਂ ਵਿਚ ਤਕਰਾਰ ਹੋਇਆ, ਜਿਸ ਤੋਂ ਬਾਅਦ ਮਨਜਿੰਦਰ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਦਿਲਬਾਗ ਸਿੰਘ ਅਤੇ ਲਾਲ ਸਿੰਘ ਉੱਪਰ ਗੋਲ਼ੀਆਂ ਚਲਾ ਦਿੱਤੀਆਂ। ਦਿਲਬਾਗ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲਾਲ ਸਿੰਘ ਨੇ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੌਕੇ 'ਤੇ ਪਹੁੰਚੇ ਡੀਐੱਸਪੀ ਸੁੱਚਾ ਸਿੰਘ ਬੱਲ, ਥਾਣਾ ਝਬਾਲ ਦੇ ਮੁਖੀ ਹਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਡੀਐੱਸਪੀ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਦੀ ਸ਼ਿਕਾਇਤ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Posted By: Tejinder Thind