ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਘਰ ਦੇ ਆਰਥਿਕ ਹਾਲਾਤ ਬਦਲਣ ਲਈ ਦੋ ਮਹੀਨੇ ਪਹਿਲਾਂ ਆਪਣੇ ਚਚੇਰੇ ਭਰਾ ਸਮੇਤ ਦੁਬਈ ਗਏ ਨੌਜਵਾਨ ਦੀ ਉਥੇ ਮੌਤ ਹੋ ਗਈ। 17 ਦਿਨਾਂ ਬਾਅਦ ਉਸਦੀ ਲਾਸ਼ ਵੀਰਵਾਰ ਨੂੰ ਪੰਜਾਬੀਆਂ ਦੇ ਸਹਿਯੋਗ ਨਾਲ ਘਰ ਪੁੱਜ ਗਈ। ਦੇਰ ਸ਼ਾਮ ਨੂੰ ਨੌਜਵਾਨ ਦਾ ਸਸਕਾਰ ਪਿੰਡ ਗੰਡੀਵਿੰਡ ਵਿਖੇ ਕਰ ਦਿੱਤਾ ਗਿਆ।


ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਸਵਰਗੀ ਕੁੰਨਣ ਸਿੰਘ ਵਾਸੀ ਗੰਡੀਵਿੰਡ ਆਪਣੇ ਚਚੇਰੇ ਭਰਾ ਹੁਸਨਦੀਪ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਸਮੇਤ ਦੋ ਮਹੀਨੇ ਪਹਿਲਾਂ ਰੋਜ਼ਗਾਰ ਲਈ ਦੁਬਈ ਗਿਆ ਸੀ। ਕੰਮ ਤੋਂ ਜਾਂਦਿਆਂ ਹਾਲੇ ਤਿੰਨ ਦਿਨ ਹੀ ਹੋਏ ਸਨ ਕਿ 1 ਨਵੰਬਰ ਨੂੰ ਉਸਨੂੰ ਦਿਲ ਦਾ ਦੌਰਾ ਪੈ ਗਿਆ। ਮਨਦੀਪ ਸਿੰਘ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਪਰ 4 ਨਵੰਬਰ ਨੂੰ ਉਸਨੇ ਦਮ ਤੋੜ ਦਿੱਤਾ। ਦੱਸਣਾ ਬਣਦਾ ਹੈ 23 ਸਾਲਾ ਮਨਦੀਪ ਸਿੰਘ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ। ਉਸਦੇ ਪਿਤਾ ਦੀ ਜਿਥੇ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਉਥੇ ਹੀ ਉਸਦੀ ਮਾਂ ਵੀ ਪਿਛਲੇ ਅੱਠ ਸਾਲ ਤੋਂ ਦਿਮਾਗੀ ਤੌਰ 'ਤੇ ਬੀਮਾਰ ਹੈ। ਉਸਦੀਆਂ ਤਿੰਨ ਭੈਣਾਂ 'ਚੋਂ ਦੋ ਦਾ ਹਾਲੇ ਵਿਆਹ ਹੋਣਾ ਬਾਕੀ ਹੈ।

Posted By: Tejinder Thind