ਜਸਪਾਲ ਸਿੰਘ ਜੱਸੀ, ਤਰਨਤਾਰਨ

ਜ਼ਿਲ੍ਹਾ ਤਰਨਤਾਰਨ ਦੇ ਨਵ-ਨਿਯੁਕਤ ਡੀਸੀ ਰਿਸ਼ੀਪਾਲ ਸਿੰਘ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ 'ਚ ਤਾਇਨਾਤ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਪੜ੍ਹਾਉਣ ਸਮੇਂ ਕਲਾਸਾਂ 'ਚ ਮੋਬਾਈਲ ਫ਼ੋਨ ਨਾ ਲਿਜਾਣ ਤੇ ਅਜਿਹਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਡੀਸੀ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨਤਾਰਨ, ਸਰਕਾਰੀ ਐਲੀਮੈਂਟਰੀ ਤੇ ਸੀਨੀਅਰ ਸੈਕੰਡਰੀ ਸਕੂਲ ਅੱਲਾਦੀਨਪੁਰ ਅਤੇ ਨਗਰ ਕੌਂਸਲ ਦਫ਼ਤਰ ਤਰਨਤਾਰਨ ਦੀ ਅਚਾਨਕ ਚੈਕਿੰਗ ਕੀਤੀ ਗਈ।

ਇਸ ਮੌਕੇ ਡੀਸੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਦਾਰਿਆਂ ਤੇ ਦਫ਼ਤਰਾਂ 'ਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਤੇ ਦਫ਼ਤਰਾਂ 'ਚ ਸਮੇਂ-ਸਿਰ ਹਾਜ਼ਰ ਨਾ ਹੋਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਉਨਾਂ੍ਹ ਸਮੂਹ ਜ਼ਿਲ੍ਹਾ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦਫ਼ਤਰਾਂ ਵਿਚ ਸਮੂਹ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਕੋਈ ਮੁਸ਼ਕਿਲ ਨਾ ਆਵੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨਤਾਰਨ ਵਿਖੇ ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਇੰਚਾਰਜ ਨੂੰ ਹੁਕਮ ਦਿੱਤੇ ਕਿ ਕਲਾਸ ਵਿਚ ਮੋਬਾਇਲ ਫੋਨ ਰੱਖਣ ਵਾਲੇ ਇਕਨਾਮਿਕਸ ਲੈਕਚਰਾਰ ਜਸਬੀਰ ਸਿੰਘ ਤੇ ਹਿਸਾਬ ਅਧਿਆਪਕਾਂ ਜਸਪ੍ਰਰੀਤ ਕੌਰ ਦੀ ਜਵਾਬਤਲਬੀ ਕੀਤੀ ਜਾਵੇ।

ਇਸ ਮੌਕੇ ਉਨਾਂ੍ਹ ਸਕੂਲ ਦੀ ਗਰਾਊਂਡ ਵਿਚ ਆਪਣੀਆਂ ਗੱਡੀਆਂ ਪਾਰਕ ਕਰਨ ਵਾਲੇ ਅਧਿਆਪਕਾ ਰਜਿੰਦਰ ਸਿੰਘ, ਜਗਦੀਪ ਸਿੰਘ ਤੇ ਬੀਰਇੰਦਰ ਸਿੰਘ ਤਾੜਨਾ ਕਰਦਿਆਂ ਕਿਹਾ ਕਿ ਅੱਗੋਂ ਤੋਂ ਅਜਿਹੀ ਅਣਗਹਿਲੀ ਨਾ ਕੀਤੀ ਜਾਵੇ ਅਤੇ ਗੱਡੀਆਂ ਨੂੰ ਢੁੱਕਵੀਂ ਥਾਂ 'ਤੇ ਪਾਰਕ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਰਕਾਰੀ ਸਕੂਲਾਂ ਦੇ ਢਾਂਚੇ ਵਿਚ ਵਿਆਪਕ ਸੁਧਾਰ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਉਨਾਂ੍ਹ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਵਿਚ ਗਰਾਊਂਡਾਂ ਨੂੰ ਮਗਨਰੇਗਾ ਸਕੀਮ ਅਧੀਨ ਸੁਧਾਰਿਆ ਜਾਵੇਗਾ।

ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਦਫ਼ਤਰ ਤਰਨਤਾਰਨ ਦੀ ਅੱਜ ਸਵੇਰੇ ਕੀਤੀ ਚੈਕਿੰਗ ਦੌਰਾਨ 10 ਕਰਮਚਾਰੀ ਗੈਰਹਾਜ਼ਰ ਪਾਏ ਗਏ, ਜਿੰਨਾਂ੍ਹ ਵਿਰੁੱਧ ਉਨਾਂ੍ਹ ਨੇ ਸਖਤ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਗੈਰਹਾਜ਼ਰ ਪਾਏ ਜਾਣ ਵਾਲੇ ਕਰਮਚਾਰੀਆਂ ਵਿਚ ਬਲਜੀਤ ਸਿੰਘ ਅਕਾਊਂਟੈਂਟ, ਮਨਦੀਪ ਸਿੰਘ ਜੇਈ, ਮਨਿੰਦਰ ਸਿੰਘ ਇੰਸਪੈਕਟਰ, ਜਤਿੰਦਰ ਕੁਮਾਰ, ਵਰਿੰਦਰਪਾਲ ਸਿੰਘ, ਨਰਿੰਦਰ ਕੁਮਾਰ, ਅੰਗਰੇਜ਼ ਸਿੰਘ, ਜੋਤੀ, ਬਲਵਿੰਦਰ ਸਿੰਘ (ਸਾਰੇ ਕਲਰਕ) ਅਤੇ ਦਿਨੇਸ਼ ਕੁਮਾਰ ਸੇਵਾਦਾਰ ਸ਼ਾਮਿਲ ਸਨ।