ਜਸਪਾਲ ਸਿੰਘ ਜੱਸੀ, ਤਰਨਤਾਰਨ

ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ਪ੍ਰਸ਼ਾਸਨ ਵੱਲੋਂ ਤਰਨਤਾਰਨ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਕਾਰਨ ਸ਼ਹਿਰ ਦੇ ਦਾਖ਼ਲਾ ਪੁਆਇੰਟਾਂ ਉੱਪਰ ਵਿਸ਼ੇਸ਼ ਨਾਕਾਬੰਦੀ ਕਰ ਕੇ ਹਰ ਆਉਣ ਜਾਣ ਵਾਲੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਨਾਂ੍ਹ ਨਾਕਿਆਂ 'ਤੇ ਨੀਮ ਫੌਜੀ ਜਵਾਨ ਵੀ ਤਾਇਨਾਤ ਕੀਤੇ ਗਏ ਹਨ ਅਤੇ ਸ਼ਹਿਰ ਅੰਦਰ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਘੱਲੂਘਾਰਾ ਦਿਵਸ ਨੂੰ ਲੈ ਕੇ ਤਰਨਤਾਰਨ ਸ਼ਹਿਰ ਹੀ ਨਹੀਂ ਬਲਕਿ ਸਮੁੱਚੇ ਜ਼ਿਲ੍ਹੇ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਕ ਪਾਸੇ ਜਿਥੇ ਸਰਹੱਦੀ ਇਲਾਕਿਆਂ ਸਣੇ ਹੋਰ ਰਸਤਿਆਂ ਉੱਪਰ ਵਿਸ਼ੇਸ਼ ਨਾਕੇਬੰਦੀ ਕਰਕੇ ਹਰ ਤਰਾਂ੍ਹ ਦੇ ਹਾਲਾਤਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਥੇ ਹੀ ਪੁਲਿਸ ਟੀਮਾਂ ਵੱਲੋਂ ਨਾਕਿਆਂ ਦੇ ਦੌਰਾਨ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਖਾਸ ਕਰਕੇ ਸ਼ਹਿਰਾਂ ਅਤੇ ਕਸਬਿਆਂ ਦੇ ਦਾਖ਼ਲਾ ਪੁਆਇੰਟਾਂ ਉੱਪਰ ਸਖਤ ਨਾਕੇਬੰਦੀ ਕੀਤੀ ਗਈ ਹੈ। ਜਿੱਥੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਪੁਲਿਸ ਦੇ ਨਾਲ ਤਾਇਨਾਤ ਕੀਤੇ ਗਏ ਹਨ। ਪੁਲਿਸ ਦੀ ਮੰਨੀਏ ਤਾਂ ਪੰਜ ਦਰਜਨ ਦੇ ਕਰੀਬ ਨਾਕੇ ਜ਼ਿਲ੍ਹੇ ਵਿਚ ਲਗਾਏ ਹਨ। ਜ਼ਿਲ੍ਹੇ ਵਿਚ ਦਾਖਲ ਹੁੰਦੇ ਰਸਤਿਆਂ 'ਤੇ ਵੀ ਚੌਕਸੀ ਰੱਖੀ ਜਾ ਰਹੀ ਹੈ।

ਤਰਨਤਾਰਨ ਦੇ ਬੱਸ ਅੱਡੇ ਨੇੜੇ ਸ਼ਹਿਰ ਦੇ ਦਾਖ਼ਲਾ ਪੁਆਇੰਟ 'ਤੇ ਕੀਤੀ ਵਿਸ਼ੇਸ਼ ਨਾਕੇਬੰਦੀ 'ਤੇ ਤਾਇਨਾਤ ਥਾਣਾ ਸਿਟੀ ਤਰਨਤਾਰਨ ਦੀ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਵਿਸ਼ੇਸ਼ ਨਾਕਾਬੰਦੀ ਸ਼ਹਿਰ ਦੇ ਅੰਦਰ ਆਉਣ ਵਾਲੇ ਰਸਤਿਆਂ 'ਤੇ ਲਗਾਏ ਗਏ ਹਨ। ਜਿਥੋਂ ਦੀ ਲੰਘਣ ਵਾਲੇ ਹਰ ਵਾਹਨ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਉਨਾਂ੍ਹ ਨੇ ਕਿਹਾ ਕਿ ਵਾਹਨਾਂ ਦੀ ਬਰੀਕੀ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਹਰ ਸ਼ੱਕੀ ਵਿਅਕਤੀ ਦੀ ਪੁੱਛ ਪੜਤਾਲ ਨੂੰ ਯਕੀਨੀ ਬਣਾਇਆ ਗਿਆ ਹੈ।

-ਬਾਕਸ-

-ਸਟਰੀਟ ਲਾਈਟਾਂ ਬੰਦ, ਹਨੇਰੇ 'ਚ ਕਰ ਰਹੀ ਪੁਲਿਸ ਵਾਹਨਾਂ ਦੀ ਜਾਂਚ : ਬੇਦੀ

ਸ਼ਿਵ ਸੈਨਾ ਬਲ ਠਾਕਰੇ ਦੇ ਆਗੂ ਅਵਨਜੀਤ ਸਿੰਘ ਬੇਦੀ ਨੇ ਕਿਹਾ ਕਿ ਇਕ ਪਾਸੇ ਘੱਲੂਘਾਰਾ ਦਿਵਸ ਹੋਣ ਕਰਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸਦੇ ਲਈ ਪੁਲਿਸ ਮੁਸਤੈਦੀ ਨਾਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ। ਉਥੇ ਹੀ ਨਾਕੇ ਵਾਲੀ ਥਾਂ 'ਤੇ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਹਨੇਰੇ ਵਿਚ ਕੀਤੀ ਨਾਕੇਬੰਦੀ ਦੂਰੋਂ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦੀ। ਅਜਿਹੇ ਵਿਚ ਜਿਥੇ ਨਾਕੇ 'ਤੇ ਤਾਇਨਾਤ ਕਰਮਚਾਰੀਆਂ ਦੀ ਸੁਰੱਖਿਆ ਖਤਰੇ 'ਚ ਹੈ, ਉਥੇ ਹੀ ਵਾਹਨ ਚਾਲਕਾਂ ਨੂੰ ਬੈਰੀਕੇਡ ਵੇਖਣ ਵਿਚ ਆਈ ਪੇ੍ਸ਼ਾਨੀ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ। ਉਨਾਂ੍ਹ ਨੇ ਕਿਹਾ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦ ਚਾਲੂ ਕਰਵਾਏ ਤਾਂ ਜੋ ਨਾਕਾਬੰਦੀ 'ਤੇ ਤਾਇਨਾਤ ਪੁਲਿਸ ਹੀ ਨਹੀਂ ਬਲਕਿ ਸ਼ਹਿਰ ਵਾਸੀਆਂ ਨੂੰ ਵੀ ਰਾਹਤ ਮਿਲ ਸਕੇ। ਕਿਉਕਿ ਹਨੇਰੇ ਦਾ ਲਾਭ ਚੁੱਕਦਿਆਂ ਗ਼ੈਰ-ਸਮਾਜਿਕ ਅਨਸਰ ਕਿਸੇ ਵੇਲੇ ਵੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।