ਬੱਲੂ ਮਹਿਤਾ, ਪੱਟੀ : ਰੂਪਨਗਰ ਤੋਂ ਚੋਰੀ ਹੋਇਆ ਟਰੱਕ ਪੱਟੀ ਦੀ ਰਾਮਦਾਸ ਕਾਲੋਨੀ 'ਚ ਇਕ ਕਬਾੜੀਏ ਦੇ ਘਰੋਂ ਬਰਾਮਦ ਹੋਇਆ ਹੈ। ਉਸ ਨੇ ਟਰੱਕ ਦੀ ਭੰਨਤੋੜ ਕਰ ਕੇ ਬਾਡੀ ਤੇ ਉਸ ਦੇ ਅੰਦਰ ਪਏ ਕਾਗਜ਼ 'ਤੇ ਜੀਪੀਐਸ ਨੂੰ ਅੱਗ ਲਾ ਦਿੱਤੀ। ਰੋਪੜ ਪੁਲਿਸ ਨੂੰ ਜੀਪੀਐੱਸ ਰਾਹੀਂ ਟਰੱਕ ਪੱਟੀ-ਸਰਹਾਲੀ ਰੋਡ ਦੀ ਲੋਕੇਸ਼ਨ ਮਿਲੀ ਸੀ। ਉਨ੍ਹਾਂ ਪੱਟੀ ਪੁਲਿਸ ਨੂੰ ਸੂਚਿਤ ਕੀਤਾ ਤੇ ਇਕ ਘਰ ਦੇ ਬਾਹਰੋਂ ਟਰੱਕ ਦੀ ਟੁੱਟੀ ਹੋਈ ਬਾਡੀ ਬਰਾਮਦ ਕਰ ਲਈ ਗਈ ਹੈ।

ਟਰੱਕ ਦੇ ਮਾਲਕ ਗੁਰਦੀਪ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸੈਣੀ ਮਾਜ਼ਰਾ ਨੇ ਦੱਸਿਆ ਕਿ ਬੀਤੇ ਦਿਨੀ ਉਸ ਨੇ ਟਰੱਕ ਨੰਗਲ ਚੌਕ ਪੁਲ਼ ਹੇਠਾ ਲਗਾਇਆ ਸੀ। ਤਬੀਅਤ ਠੀਕ ਨਾ ਹੋਣ ਕਰਕੇ ਉਹ ਘਰ ਚਲਾ ਗਿਆ ਪਰ ਜਦੋਂ ਆ ਕੇ ਦੇਖਿਆ ਤਾਂ ਟਰੱਕ ਗਾਇਬ ਸੀ। ਇਸ ਸਬੰਧੀ ਰੂਪਨਗਰ ਵਿਖੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਟਰੱਕ ਵਿਚ ਜੀਪੀਐੱਸ ਲੱਗਾ ਸੀ ਤੇ ਪੁਲਿਸ ਵੱਲੋਂ ਲੋਕੇਸ਼ਨ ਟ੍ਰੇਸ ਕਰ ਕੇ ਟਰੱਕ ਨੂੰ ਪੱਟੀ ਸ਼ਹਿਰ ਤੋਂ ਬਰਾਮਦ ਕੀਤਾ। ਇਸ ਸਬੰਧੀ ਥਾਣਾ ਪੱਟੀ ਦੀ ਪੁਲਿਸ ਕਾਰਵਾਈ ਕਰ ਰਹੀ ਹੈ।

ਥਾਣਾ ਪੱਟੀ ਦੇ ਮੁਖੀ ਲਖਬੀਰ ਸਿੰਘ ਨੇ ਕਿਹਾ ਕਿ ਟਰੱਕ ਇਕ ਘਰ ਦੇ ਬਾਹਰੋਂ ਬਰਾਮਦ ਹੋਇਆ ਹੈ ਜਿਸ ਦਾ ਸਾਰਾ ਹਿੱਸਾ ਸਾੜ ਦਿੱਤਾ ਗਿਆ। ਮੁਲਜ਼ਮ ਅਜੇ ਫਰਾਰ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਮੌਕੇ 'ਤੇ ਹੋਰ ਗੱਡੀਆਂ ਦੀਆਂ ਆਰਸੀਆਂ ਵੀ ਬਰਾਮਦ ਹੋਈਆਂ ਹਨ। ਮੁਲਜ਼ਮਾਂ ਨੇ ਘਰ ਦੇ ਅੰਦਰ ਵੱਡੇ ਗੈਸ ਕਟਰ ਰੱਖੇ ਹੋਏ ਹਨ।

Posted By: Seema Anand