ਜਸਪਾਲ ਸਿੰਘ ਜੱਸੀ, ਤਰਨਤਾਰਨ : ਮੁੱਖ ਮੰਤਰੀ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤੀ ਕਰਨ ਦੇ ਦਿੱਤੇ ਆਦੇਸ਼ਾਂ ਕਾਰਨ ਪੁਲਿਸ ਹਰਕਤ ਵਿਚ ਆਉਂਦੀ ਦਿਖਾਈ ਦੇ ਰਹੀ ਹੈ। ਵੀਰਵਾਰ ਸ਼ਾਮ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਕ ਘਰ ਵਿਚ ਬਣਾਏ ਗਏ ਸਟੋਰ ’ਚ ਛਾਪੇਮਾਰੀ ਦੌਰਾਨ ਵੱਡੀ ਗਿਣਤੀ ਵਿਚ ਡੋਰ ਦੇ ਗੱਟੂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਦੋ ਲੋਕਾਂ ਵਿਰੁੱਧ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਸ਼ਾਮ ਨੂੰ ਤਰਨਤਾਰਨ ਦੇ ਨੰਗੇ ਪੈਰਾਂ ਵਾਲਾ ਚੌਕ ਨੇੜਲੀ ਗਲ਼ੀ ਛੱਪੜ ਵਾਲੀ ਦੇ ਇਕ ਘਰ ਵਿਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਛਾਪੇਮਾਰੀ ਕੀਤੀ। ਸੂਚਨਾ ਦੇ ਆਧਾਰ ’ਤੇ ਕੀਤੀ ਗਈ ਉਕਤ ਕਾਰਵਾਈ ਦੇ ਦੌਰਾਨ ਪੁਲਿਸ ਨੇ ਉਕਤ ਘਰ ਵਿਚੋਂ ਵੱਡੀ ਗਿਣਤੀ ਚਾਈਨਾ ਡੋਰ ਦੇ ਗੱਟੂ ਜੋ ਗੱਟਿਆਂ ਅਤੇ ਡੱਬਿਆਂ ਵਿਚ ਰੱਖੇ ਗਏ ਸਨ, ਬਰਾਮਦ ਕੀਤੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੌਰਾਨ ਹੋਣ ਵਾਲੀ ਪਤੰਗਬਾਜ਼ੀ ਤੋਂ ਪਹਿਲਾਂ ਇਹ ਡੋਰ ਇਥੇ ਸਟੋਰ ਕੀਤੀ ਹੋਵੇਗੀ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੇ ਦੌਰਾਨ ਮਿਲੇ ਚਾਈਨਾ ਡੋਰ ਦੇ ਗੱਟੂ ਕਬਜ਼ੇ ਵਿਚ ਲੈ ਕੇ ਮੌਕੇ ਤੋਂ ਹੀ ਸੰਦੀਪ ਕੁਮਾਰ ਪੁੱਤਰ ਮਦਨ ਲਾਲ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ। ਜਿਸਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਲਈ ਏਐੱਸਆਈ ਇੰਦਰਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।

ਦੱਸ ਦਈਏ ਕਿ ਚਾਈਨਾ ਡੋਰ ਦੇ ਨਾਲ ਹਰ ਸਾਲ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ ਹੈ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਬਾਵਜੂਦ ਇਸਦੇ ਧੜੱਲੇ ਨਾਲ ਚਾਈਨਾ ਡੋਰ ਦਾ ਕਾਰੋਬਾਰ ਚੱਲਦਾ ਹੈ। ਹਾਲ ਹੀ ’ਚ ਚਾਈਨਾ ਡੋਰ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

Posted By: Jagjit Singh