ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਦੇ ਅੰਮ੍ਰਿਤਸਰ ਰੋਡ ਤੇ ਦੁੱਧ ਲੈਣ ਗਏ ਬਜੁਰਗ ਦੀ ਐਕਟਿਵਾ ਨੂੰ ਬਾਈਕ ਸਵਾਰਾਂ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਗੰਭੀਰ ਜ਼ਖਮੀ ਹੋਏ ਬਜੁਰਗ ਨੇ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਰਣਬੀਰ ਸਿੰਘ ਵਾਸੀ ਕਾਜੀਕੋਟ ਰੋਡ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿਚ ਦੱਸਿਆ ਕਿ ਉਸ ਦੇ ਪਿਤਾ ਬਲਦੀਪ ਸਿੰਘ ਘਰੋਂ ਅੰਮ੍ਰਿਤਸਰ ਰੋਡ 'ਤੇ ਸਥਿਤ ਡੇਅਰੀ ਤੋਂ ਦੁੱਧ ਲੈਣ ਲਈ ਆਪਣੀ ਸਕੂਟਰੀ 'ਤੇ ਗਏ ਸਨ। ਜਦੋਂ ਉਹ ਦੁੱਧ ਲੈ ਕੇ ਵਾਪਸ ਆ ਰਹੇ ਸਨ ਤਾਂ ਉਦੋਂ ਤੇਜ਼ ਰਫਤਾਰ ਮੋਟਰਸਾਈਕਲ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੇ ਪਿਤਾ ਦਾ ਸਿਰ ਫੁੱਟਪਾਥ ਨਾਲ ਵੱਜਾ ਤੇ ਉਹ ਗੰਭੀਰ ਜ਼ਖਮੀ ਹੋ ਗਏ। ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਸਕੂਟਰੀ ਨੂੰ ਟੱਕਰ ਮਾਰਨ ਵਾਲੇ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਜਾਂਚ ਏਐਸਆਈ ਜਗਬੰਸ ਸਿੰਘ ਨੂੰ ਸੌਂਪੀ ਗਈ ਹੈ। ਇਸੇ ਤਰ੍ਹਾਂ ਹੀ ਤਰਨਤਾਰਨ-ਅੰਮ੍ਰਿਤਸਰ ਮਾਰਗ 'ਤੇ ਪਿੰਡ ਗੋਹਲਵੜ ਕੋਲ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਟੈਂਪੂ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਭਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਨਿੱਜੀ ਹਸਪਤਾਲ 'ਚ ਜੇਰੇ ਇਲਾਜ ਇਕ ਭਰਾ ਨੇ ਦਮ ਤੋੜ ਦਿੱਤਾ ਹੈ। ਪੁਲਿਸ ਨੇ ਇਸ ਸਬੰਧੀ ਮੌਕੇ ਤੋਂ ਫਰਾਰ ਹੋ ਚੁੱਕੇ ਟੈਂਪੂ ਦੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।

ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਤਰਨਤਾਰਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਦੋ ਲੜਕੇ ਦਮਨਪ੍ਰੀਤ ਸਿੰਘ (18) ਅਤੇ ਮਨਪ੍ਰੀਤ ਸਿੰਘ (13) ਮੋਟਰਸਾਈਕਲ ਨੰਬਰ ਪੀਬੀ02-ਆਰਐਫ-6165 ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਤਰਨਤਾਰਨ ਆ ਰਹੇ ਸਨ। ਜਦੋਂ ਉਹ ਪਿੰਡ ਗੋਹਲਵੜ ਦੇ ਪੰਡੋਰੀਆਂ ਮੋੜ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟੈਂਪੂ ਨੰਬਰ ਪੀਬੀ02-ਸੀਸੀ-8044 ਦੇ ਚਾਲਕ ਨੇ ਤੇਜ ਰਫਤਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ੀਲਿਟੀ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ਼ ਦੌਰਾਨ ਛੋਟੇ ਲੜਕੇ ਮਨਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਂਕੀ ਦੋਬੁਰਜੀ ਦੇ ਇੰਚਾਰਜ ਏਐਸਆਈ ਸੱਤਪਾਲ ਸਿੰਘ ਨੇ ਦੱਸਿਆ ਕਿ ਟੈਂਪੂ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Posted By: Amita Verma