ਪੱਤਰ ਪ੍ਰੇਰਕ, ਤਰਨਤਾਰਨ- ਬਲਾਕ ਵਲਟੋਹਾ ਦੇ ਪਿੰਡ ਮਹਿੰਦੀਪੁਰ 'ਚ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਬਨਣ ਵਾਲੇ ਵਿਅਕਤੀ 'ਤੇ ਹਮਲਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਉਕਤ ਮੈਂਬਰ ਦੇ ਘਰ ਦਾਖਲ ਹੋ ਕੇ ਕੀਤਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਦੋ ਲੋਕਾਂ ਨੂੰ ਬਕਾਇਦਾ ਨਾਮਜਦ ਵੀ ਕਰ ਲਿਆ ਹੈ। ਹਾਲਾਂਕਿ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

ਹਰਨੇਕ ਸਿੰਘ ਪੁੱਤਰ ਊਧਮ ਸਿੰਘ ਵਾਸੀ ਮਹਿੰਦੀਪੁਰ ਨੇ ਦੱਸਿਆ ਕਿ ਉਸ ਨੂੰ ਸਰਬ ਸੰਮਤੀ ਦੇ ਨਾਲ ਬਲਾਕ ਵਲਟੋਹਾ ਦੇ ਪਿੰਡ ਮਹਿੰਦੀਪੁਰ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਲਛਮਣ ਸਿੰਘ ਪੁੱਤਰ ਬਲਦੇਵ ਸਿੰਘ, ਸਤਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਹਿੰਦੀਪੁਰ ਉਸ ਨਾਲ ਰੰਜਿਸ਼ ਰੱਖਣ ਲੱਗ ਪਏ। ਇਸੇ ਤਹਿਤ ਉਕਤ ਲੋਕਾਂ ਨੇ ਘਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਰੌਲਾ ਪਾਉਣ 'ਤੇ ਹਮਲਾਵਰ ਉਸ ਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕਰ ਦਿੱਤੀ। ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਮਲਾਵਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Amita Verma