ਰਵੀ ਖਹਿਰਾ, ਖਡੂਰ ਸਾਹਿਬ : ਪਿੰਡ ਜਲਾਲਾਬਾਦ ਵਿਖੇ ਇਕੋ ਰਾਤ ਦੋ ਘਰਾਂ ਨੂੰ ਨਿਸ਼ਾਨਾਂ ਬਣਾਉਂਦਿਆਂ ਚੋਰਾਂ ਨੇ ਇਕ ਘਰ 'ਚੋਂ 8 ਤੋਲੇ ਸੋਨੇ ਦੇ ਗਹਿਣੇ, ਸਿਲੰਡਰ ਤੇ ਦੂਸਰੇ ਘਰ 'ਚੋਂ ਕੰਬਲ ਚੋਰੀ ਕਰ ਲਏ। ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਪਤਨੀ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਘਰ ਬੰਦ ਕਰਕੇ ਆਪਣੀ ਭੈਣ ਕੋਲ ਗਈ ਹੋਈ ਸੀ। ਸਵੇਰੇ ਉਨ੍ਹਾਂ ਦੇ ਗਵਾਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਚੋਰੀ ਹੋ ਗਈ ਹੈ। ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿੱਲ੍ਹਰਿਆ ਹੋਇਆ ਸੀ ਤੇ ਪੇਟੀ ਵਿਚ ਪਏ 8 ਤੋਲੇ ਸੋਨੇ ਗਹਿਣੇ ਤੇ ਗੈਸ ਸਿਲੰਡਰ ਚੋਰੀ ਹੋ ਚੁੱਕਾ ਸੀ। ਇਸੇ ਤਰ੍ਹਾਂ ਕਿਰਨਦੀਪ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਘਰੋਂ ਚੋਰ ਪੇਟੀ ਵਿਚੋਂ ਕੰਬਲ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਵੀ ਉਨ੍ਹਾਂ ਦੇ ਘਰ ਚੋਰੀ ਹੋਈ ਸੀ ਅਤੇ ਉਦੋਂ ਵੀ 8 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ ਪਰ ਪੁਲਿਸ ਨੇ ਅੱਜ ਤਕ ਚੋਰਾਂ ਨੂੰ ਕਾਬੂ ਨਹੀਂ ਕੀਤਾ। ਪੀੜਤ ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਇਸ ਮੌਕੇ ਹਰਜਿੰਦਰ ਕੌਰ, ਕੁਲਦੀਪ ਸਿੰਘ, ਹਰਨੇਕਪਾਲ ਸਿੰਘ ਤੇ ਹੋਰ ਵੀ ਪਰਿਵਾਰਿਕ ਮੈਂਬਰ ਹਾਜਰ ਸਨ।

ਇਸ ਸਬੰਧੀ ਜਦੋਂ ਥਾਣਾ ਵੈਰੋਂਵਾਲ ਦੇ ਮੁਖੀ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Amita Verma