ਜਾਗਰਣ ਸੰਵਾਦਦਾਤਾ, ਤਰਨਤਾਰਨ : ਪਿੰਡ ਬਾਣੀਆ 'ਚ ਸ਼ਨਿਚਰਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲ਼ੇ। ਪਿੰਡ 'ਚ ਰਹਿਣ ਵਾਲੇ ਏਐੱਸਆਈ ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਨਾਲ ਜਿਸ ਬੇਟੇ ਨੂੰ ਮਿਲਣ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਗਏ ਸਨ, ਉੱਥੇ ਹੀ ਹੁਣ ਉਨ੍ਹਾਂ ਨੂੰ ਉਸ ਦੀ ਲਾਸ਼ ਲੈ ਕੇ ਆਉਣਾ ਪਵੇਗਾ। ਉੱਥੇ ਉਨ੍ਹਾਂ 'ਤੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟੇਗਾ, ਸ਼ਾਇਦਾ ਅਜਿਹਾ ਉਨ੍ਹਾਂ ਅਭਾਗੇ ਮਾਂ-ਬਾਪ ਨੇ ਸੁਪਨੇ 'ਚ ਨਹੀਂ ਨਹੀਂ ਸੋਚਿਆ ਹੋਵੇਗਾ।

ਸਾਲ 2016 'ਚ ਸਟੱਡੀ ਬੇਸ 'ਤੇ ਕੈਨੇਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਪੁੱਤਰ ਨੂੰ ਮਿਲਣ ਉਸ ਦੇ ਪਿਤਾ ਏਐੱਸਆਈ ਸਤਨਾਮ ਸਿੰਘ ਬਾਵਾ ਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਸ਼ਨਿਚਰਵਾਰ ਨੂੰ ਸਤਨਾਮ ਨੇ ਬੇਟੀ ਨਵਦੀਪ ਕੌਰ ਨੂੰ ਫੋਨ ਕਰ ਕੇ ਦੱਸਿਆ ਕਿ ਹੁਣ ਤੁਹਾਡਾ ਭਰਾ ਨਵਰੂਪ ਜੌਹਲ ਇਸ ਦੁਨੀਆ 'ਚ ਨਹੀਂ ਰਿਹਾ। ਇਹ ਸੁਣਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਨਵਰੂਪ ਜੌਹਲ ਦੇ ਕਰੀਬੀ ਰਿਸ਼ਤੇਦਾਰ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਕਰੀਬ ਛੇ ਸਾਲ ਤੋਂ ਕੈਨੇਡਾ 'ਚ ਪੜ੍ਹਾਈ ਕਰ ਰਿਹਾ ਨਵਰੂਪ ਕਿਸੇ ਬਿਮਾਰੀ ਦੀ ਲਪੇਟ 'ਚ ਆ ਗਿਆ ਸੀ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਸਦੀ ਮੌਤ ਹੋ ਜਾਵੇਗੀ। ਘਸੀਟਪੁਰਾ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਤੋਂ ਨਵਰੂਪ ਜੌਹਲ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੇ ਮਾਂ-ਬਾਪ ਲੱਗੇ ਹੋਏ ਹਨ। ਇੱਥੇ ਘਰ ਹੁਣ ਸਾਰੇ ਲਾਸ਼ ਲਿਆਉਣ ਦਾ ਇੰਤਜ਼ਾਰ ਕਰ ਰਹੇ ਹਨ।

ਸਿਆਸੀ ਆਗੂਆਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ

ਨਵਰੂਪ ਜੌਹਲ ਦੀ ਮੌਤ 'ਤੇ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਪ੍ਰਦੇਸ਼ ਕਾਂਗਰਸ ਦੇ ਆਗੂ ਡਾ. ਸੰਦੀਪ ਅਗਨੀਹੋਤਰੀ, ਸਰਪੰਚ ਹਰਜੀਤ ਸਿੰਘ ਘਸੀਟਪੁਰਾ, ਡਾ. ਰਣਬੀਰ ਸਿੰਘ ਕੰਗ, ਰਘਬੀਰ ਸਿੰਘ ਬਾਠ, ਪਿੰਦਰਜੀਤ ਸਿੰਘ ਸਰਲੀ, ਸ਼ੁਬੇਗ ਸਿੰਘ ਧੁੰਨ, ਕਸ਼ਮੀਰ ਸਿੰਘ ਸ਼ਾਹ, ਬਿਕਰਮ ਕੰਗ, ਲਾਡੀ ਬਾਣੀਆ, ਪਲਵਿੰਦਰ ਸਿੰਘ ਘਸੀਟਪੁਰਾ, ਬਲਵਿੰਦਰ ਸਿੰਘ ਨੇ ਮਨਜੀਤ ਸਿੰਘ ਘਸੀਟਪੁਰਾ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Posted By: Seema Anand