ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ। ਉਸ ਦੇ ਲਾਗੂ ਹੋਣ ਨਾਲ ਆਮ ਲੋਕਾਂ ਨੂੰ ਰੇਤ ਮਾਫੀਆ ਦੀ ਲੁੱਟ ਖਸੁੱਟ ਤੋਂ ਨਿਜ਼ਾਤ ਮਿਲੇਗੀ।

ਇਸ ਸਬੰਧ ਵਿਚ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਅੌਲਖ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਰੇਤ ਮਾਫੀਆ ਨੇ ਮਹਿੰਗੇ ਭਾਅ ਵਿਚ ਰੇਤ ਵੇਚ ਕੇ ਕਰੋੜਾਂ ਰੁਪਏ ਕਮਾਏ ਹਨ। ਜਦੋਂ ਕਿ ਵਿਰੋਧੀ ਪਾਰਟੀਆਂ ਦੇ ਆਗੂ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ ਨੀਤੀ ਬਾਬਤ ਉੱਲ ਜਲੂਲ ਬੋਲ ਰਹੇ ਹਨ। ਮਿਸਾਲ ਦੇ ਤੌਰ 'ਤੇ ਚੰਨੀ ਸਰਕਾਰ ਦੇ ਸਮੇਂ ਰੇਤ ਦਾ ਕੱਟਾ 5 ਰੁਪਏ ਵਿਚ ਦੇਣ ਦੇ ਐਲਾਨ ਨੂੰ ਲੈ ਕੇ 'ਆਪ' ਸਰਕਾਰ 'ਤੇ ਵਾਰ ਕਰ ਰਹੇ ਹਨ। ਜਦੋਂ ਕਿ ਅਸਲੀਅਤ ਇਹ ਹੈ ਕਿ 5 ਰੁਪਏ ਕੱਟੇ ਦਾ ਕੇਵਲ ਐਲਾਨ ਕੀਤਾ ਗਿਆ ਸੀ ਪਰ ਇਹ ਕਿਸੇ ਨੂੰ ਵੀ ਨਹੀਂ ਮਿਲਿਆ। ਅੌਲਖ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਕਰਾਰ ਵੱਲੋਂ ਅਪਣਾਈ ਨਵੀਂ ਨੀਤੀ ਅਨੁਸਾਰ ਲੋਕਾਂ ਨੂੰ ਰੇਤ ਦਾ ਕੱਟਾ 9 ਰੁਪਏ (ਕਿਊਬਕ ਫੁੱਟ), ਬਜ਼ਰੀ 20 ਰੁਪਏ ਕਿਉਬਕ ਫੁੱਟ ਮਿਲੇਗੀ ਤੇ ਇਸ ਵਿਚ ਕਿਸੇ ਵੀ ਪ੍ਰਰਾਈਵੇਟ ਠੇਕੇਦਾਰ ਜਾਂ ਕਰਿੰਦੇ ਦੀ ਕੋਈ ਸ਼ਮੂਲੀਅਤ ਨਹੀਂ ਹੋਵੇਗੀ।

'ਆਪ' ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਕਈ ਵਧੀਆ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਬਾਰ ਬਾਰ ਇਹ ਕਹਿ ਰਹੇ ਹਨ ਕਿ ਉਹ ਲੋਕਾਂ ਦਾ ਪੈਸਾ ਲੋਕਾਂ ਵਿਚ ਵੰਡ ਰਹੇ ਹਨ। ਪਰ ਵਿਰੋਧੀ ਪਾਰਟੀਆਂ ਦੇ ਆਗੂ ਜਿਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਮੌਕੇ ਲੋਕਾਂ ਦਾ ਪੈਸਾ ਕੇਵਲ ਮੰਤਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਦੀਆਂ ਜੇਬਾਂ ਵਿਚ ਹੀ ਪੈਂਦਾ ਰਿਹਾ ਹੈ ਤੇ ਹੁਣ ਉਹ ਰੌਲਾ ਪਾ ਰਹੇ ਹਨ ਕਿ 'ਆਪ' ਸਰਕਾਰ ਮੁਫ਼ਤ ਦੀਆਂ ਰਿਉੜੀਆਂ ਵੰਡ ਰਹੀ ਹੈ। 'ਆਪ' ਆਗੂ ਨੇ ਕਿਹਾ ਕਿ ਜਿਨਾਂ੍ਹ ਲੋਕਾਂ ਨੇ ਪਿਛਲੇ 70 ਸਾਲਾਂ 'ਚ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾ ਲਿਆ ਹੁਣ ਆਪਣੇ ਪੈਰ ਉਖੜੇ ਵੇਖ ਕੇ ਰੌਲਾ ਲੋਕਾਂ ਲਈ ਨਹੀਂ ਪਾ ਰਹੇ ਸਗੋ ਆਪਣੀ ਖੁਸ ਚੁੱਕੀ ਕੁਰਸੀ ਨੂੰ ਰੋ ਰਹੇ ਹਨ।