ਤੇਜਿੰਦਰ ਸਿੰਘ ਬੱਬੂ ਝਬਾਲ : ਪਿੰਡ ਝਬਾਲ ਪੁਖਤਾ ਵਿਖੇ 1500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ ਤੇ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਨਾਲ ਉਸ ਦੇ ਜੇਠ ਦਾ ਮੁੰਡਾ ਨਿਸ਼ਾਨ ਸਿੰਘ ਕੰਮ ਕਰਦਾ ਸੀ ਤੇ ਉਨ੍ਹਾਂ ਕੋਲੋ ਕੁਝ ਪੈਸੇ ਉਧਾਰੇ ਲਏ ਸਨ। ਜਿਸ 'ਚੋਂ 1500 ਰੁਪਏ ਦੇਣੇ ਬਾਕੀ ਸਨ। ਬੀਤੀ ਰਾਤ 9 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਤੇਜ਼ ਹਥਿਆਰਾਂ ਨਾਲ ਲੈੱਸ ਹੋ ਕੇ ਉਕਤ ਵਿਅਕਤੀ ਦਾਖ਼ਲ ਹੋਏ ਤੇ ਪੈਸੇ ਮੰਗਣ ਲੱਗੇ। ਉਸ ਦੇੇ ਪਤੀ ਵੱਲੋਂ ਸਵੇਰੇ ਪੈਸੇ ਦੇਣ ਦਾ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਉਸ ਦੇ ਪਤੀ ਤਰਸੇਮ ਸਿੰਘ ਤੇ ਜੇਠ ਅਵਤਾਰ ਸਿੰਘ ਦੇ ਗੰਭੀਰ ਸੱਟਾਂ ਲੱਗ ਗਈਆਂ। ਉਸ ਦਾ ਪਤੀ ਆਪਣੇ ਬਚਾਅ ਲਈ ਕੋਠੇ 'ਤੇ ਚੜ੍ਹ ਗਏ, ਪਿੱਛੇ ਗਏ ਮੁਲਜ਼ਮਾਂ ਨੇ ਉਨ੍ਹਾਂ ਨੂੰ ਬਿਜਲੀ ਦੇ ਤਾਰ 'ਤੇ ਸੁੱਟ ਦਿੱਤਾ, ਜਿਸ ਨਾਲ ਉਸ ਦੇ ਪਤੀ ਤਰਸੇਮ ਸਿੰਘ ਦੀ ਮੌਤ ਹੋ ਗਈ ਤੇ ਅਵਤਾਰ ਸਿੰਘ ਗੰਭੀਰ ਜ਼ਖ਼ਮੀ ਹੋਣ ਕਰ ਕੇ ਤਰਨਤਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਤਰਸੇਮ ਸਿੰਘ ਦੀ ਪਤਨੀ ਗੁਰਮੀਤ ਕੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 121 ਜੁਰਮ 302 ,452, 506, 34 ਆਈਪੀਸੀ ਤਹਿਤ ਮੁਲਜ਼ਮ ਸਾਜਨ ਸਿੰਘ ਪੁੱਤਰ ਬਲਦੇਵ ਸਿੰਘ, ਲੱਭੂ ਪੁੱਤਰ ਬਲਦੇਵ ਸਿੰਘ, ਜਸ਼ਨ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ।