ਪਤਨੀ ਨੇ ਸਹੁਰੇ ਪਰਿਵਾਰ 'ਤੇ ਜ਼ਮੀਨ ਹੱੜਪਣ ਲਈ ਮਾਰਨ ਦੇ ਲਗਾਏ ਦੋਸ਼

ਤੇਜਿੰਦਰ ਸਿੰਘ ਬੱਬੂ, ਝਬਾਲ : ਡੇਢ ਕੁ ਮਹੀਨਾ ਪਹਿਲਾਂ ਪਿੰਡ ਨੌਸ਼ਹਿਰਾ ਢਾਲਾ ਵਿਖੇ ਹੋਈ ਇਕ ਨੌਜਵਾਨ ਦੀ ਮੌਤ ਨੂੰ ਲੈ ਕੇ ਮਿ੍ਤਕ ਦੀ ਪਤਨੀ ਦੇ ਪੇਕੇ ਪਰਿਵਾਰ ਵੱਲੋਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਥਾਣਾ ਸਰਾਏ ਅਮਾਨਤ ਖਾਂ ਅੱਗੇ ਧਰਨਾ ਲਗਾ ਕੇ ਰੋਸ ਜਾਹਰ ਕੀਤਾ।

ਇਸ ਮੌਕੇ ਗੁਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬੂਹ ਨੇ ਦੱਸਿਆ ਕਿ ਉਸ ਦੀ ਭੈਣ ਹਰਜੀਤ ਕੌਰ ਦਾ ਵਿਆਹ 2016 'ਚ ਪਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਢਾਲਾ ਨਾਲ ਹੋਇਆ ਸੀ ਤੇ ਉਨਾਂ੍ਹ ਦੇ ਘਰ ਇਕ ਲੜਕੀ ਮਨਪ੍ਰਰੀਤ ਕੌਰ (6) ਨੇ ਜਨਮ ਲਿਆ ਅਤੇ ਉਸ ਦਾ ਭਣਵੱਈਆ ਨਸ਼ੇ ਕਰਨ ਦਾ ਆਦੀ ਹੋਣ ਕਰ ਕੇ ਕੁਝ ਸਮਾਂ ਪਹਿਲਾਂ ਉਸ ਦੀ ਭੈਣ ਉਨਾਂ੍ਹ ਕੋਲ ਆ ਗਈ ਤੇ 24 ਜੂਨ ਨੂੰ ਉਸ ਦੇ ਭਣਵੱਈਏ ਦੀ ਮੌਤ ਹੋ ਗਈ। ਜਿਸ ਸਬੰਧੀ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਜਦੋਂ ਕਿ ਉਸ ਦਾ ਭੋਗ ਵੀ ਪੈ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨਾਂ੍ਹ ਨੂੰ ਸ਼ੱਕ ਹੋਇਆ ਕਿ ਇਨ੍ਹਾਂ ਨੇ ਉਸ ਦੀ ਜ਼ਮੀਨ ਹੜੱਪਣ ਦੀ ਖਾਤਰ ਉਸ ਨੂੰ ਕੁਝ ਦੇ ਕੇ ਮਾਰ ਦਿੱਤਾ ਹੋਵੇਗਾ ਤੇ ਸਬੂਤ ਮਿਟਾਉਣ ਲਈ ਉਨਾਂ੍ਹ ਨੂੰ ਦੱਸੇ ਬਗੈਰ ਹੀ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨਾਂ੍ਹ ਨੇ ਮਿਤੀ 7 ਜੁਲਾਈ ਨੂੰ ਐੱਸਐੱਸਪੀ ਤਰਨਤਾਰਨ ਨੂੰ ਇਕ ਲਿਖਤੀ ਦਰਖਾਸਤ ਦਿੱਤੀ ਜਿਸ ਵਿਚ ਉਨ੍ਹਾਂ ਵੱਲੋਂ ਇਹ ਰੋਸ ਜਤਾਇਆ ਗਿਆ ਕਿ ਉਸ ਦੇ ਭਣਵੱਈਏ ਨੂੰ ਉਸ ਦੇ ਪਰਿਵਾਰ ਨੇ ਮਾਰ ਮੁਕਾਇਆ ਹੈ। ਜਿਸ ਦੀ ਤਫ਼ਤੀਸ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਪੁੱਜੀ, ਪਰ ਥਾਣਾ ਮੁਖੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਿ ਉਹ ਵਾਰ-ਵਾਰ ਉਨ੍ਹਾਂ ਨੂੰ ਮਿਲਦੇ ਰਹੇ ਜਿਸ ਨੂੰ ਲੈ ਕੇ ਯੂਨੀਅਨ ਦੇ ਆਗੂਆਂ ਤੇ ਉਨਾਂ੍ਹ ਨੇ ਅਣਮਿੱਥੇ ਸਮੇਂ ਲਈ ਥਾਣੇ ਅੱਗੇ ਧਰਨਾ ਲਗਾ ਦਿੱਤਾ ਹੈ। ਉਨਾਂ੍ਹ ਕਿਹਾ ਕਿ ਜਿੰਨਾ ਚਿਰ ਤਕ ਪੁਲਿਸ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਉਨਾਂ੍ਹ ਚਿਰ ਤਕ ਧਰਨਾ ਜਾਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ, ਹਰਦੇਵ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਸਰਪੰਚ, ਪ੍ਰਦੀਪ ਸਿੰਘ, ਸੁਲੱਖਣ ਸਿੰਘ, ਦਿਲਬਾਗ ਸਿੰਘ ਐਮਾ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ, ਇਕਾਈ ਪ੍ਰਧਾਨ ਲਖਬੀਰ ਸਿੰਘ ਸਰਾਂ, ਅੰਗਰੇਜ਼ ਸਿੰਘ ਸੁਆਮੀ, ਮੀਤ ਪ੍ਰਧਾਨ ਸਤਵਿੰਦਰ ਸਿੰਘ ਬਾਠ, ਦਿਲਬਾਗ ਸਿੰਘ ਸਾਂਗਣੀਆ, ਗੁਰਮੁਖ ਸਿੰਘ ਸਾਂਘਣੀਆ, ਰਜਿੰਦਰ ਸਿੰਘ, ਭਾਈ ਸੋਹਣ ਸਿੰਘ, ਲਖਵਿੰਦਰ ਸਿੰਘ, ਮਖਤੂਲ ਸਿੰਘ ਕਸੇਲ ਆਦਿ ਦੀ ਹਾਜ਼ਰ ਸਨ।

ਦੋਸ਼ ਝੂਠੇ ਤੇ ਬੇਬੁਨਿਆਦ ਹਨ : ਦੂਜੀ ਧਿਰ

ਇਸ ਸਬੰਧੀ ਜਦੋਂ ਦੂਜੀ ਧਿਰ ਦੇ ਹਰਜਿੰਦਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਉਸ ਦੇ ਭਰਾ ਦੀ ਪਤਨੀ ਹਰਜੀਤ ਕੌਰ ਚਾਰ ਸਾਲ ਪਹਿਲਾਂ ਘਰੋਂ ਕੁਝ ਸਮਾਨ ਲੈ ਕੇ ਚਲੀ ਗਈ ਸੀ। ਜਿਸ 'ਚ ਮੱਝਾਂ ਵੀ ਸ਼ਾਮਲ ਸਨ ਤੇ ਆਪਣੇ ਪੇਕੇ ਘਰ ਰਹਿਣ ਲੱਗ ਪਈ। ਉਨਾਂ੍ਹ ਦੱਸਿਆ ਕਿ ਉਸ ਦੇ ਮਾਸੜ ਤੇ ਮਾਮੇ ਨੇ ਉਨ੍ਹਾਂ ਦੇ ਘਰ ਜਾ ਕੇ ਉਸ ਨੂੰ ਘਰ ਆਉਣ ਲਈ ਵੀ ਕਿਹਾ ਪਰ ਉਹ ਨਹੀਂ ਮੁੜੀ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਨਸ਼ਾ ਛਡਾਓ ਕੇਂਦਰਾਂ 'ਚ ਲੈ ਕੇ ਜਾਂਦਾ ਰਿਹਾ, ਪਰ ਉਹ ਨਹੀਂ ਸ਼ੁਧਰਿਆ ਅਤੇ ਅਚਾਨਕ ਉਸ ਦੀ ਮੌਤ ਹੋ ਗਈ। ਪਰ ਉਨ੍ਹਾਂ 'ਤੇ ਲੱਗ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।

ਕੀ ਕਹਿਣੈ ਥਾਣਾ ਮੁਖੀ ਦਾ

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਨੂੰ ਐੱਸਐੱਸਪੀ ਵੱਲੋਂ ਦਰਖਾਸਤ ਮਾਰਕ ਹੋਈ ਹੈ। ਜਿਸ ਸਬੰਧੀ ਕਈ ਵਾਰ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਉਨਾਂ੍ਹ ਦੇ ਕੋਲ ਪੁੱਜੀਆਂ ਤੇ ਜ਼ਮੀਨ ਨੂੰ ਵੰਡਣ ਦੀਆਂ ਗੱਲਾਂ ਨੂੰ ਲੈ ਕੇ ਸਹਿਮਤੀ ਹੁੰਦੀ ਰਹੀ। ਪਰ ਕੁਝ ਵਿਅਕਤੀਆਂ ਵੱਲੋਂ ਉਲਟਾ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਨਹੀਂ ਕਰਦੇ। ਜਦੋਂ ਕਿ ਉਨ੍ਹਾਂ ਵੱਲੋਂ ਬਕਾਇਦਾ ਇਨ੍ਹਾਂ ਨੂੰ ਕਈ ਵਾਰ ਬੁਲਾ ਕੇ ਇਨ੍ਹਾਂ ਦੀ ਗੱਲ ਸੁਣੀ ਅਤੇ ਦੋਹਾਂ ਧਿਰਾਂ ਨੂੰ ਬਿਠਾਉਣ ਦਾ ਯਤਨ ਕੀਤਾ ਗਿਆ, ਪਰ ਦੋਵਾਂ ਧਿਰਾਂ ਠਚ ਸਹਿਮਤੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮਸਲਾ ਇਨ੍ਹਾਂ ਦੋਵਾਂ ਭਰਾਵਾਂ ਦੀ ਜ਼ਮੀਨ ਦਾ ਹੈ ਜਿਸ ਦੀ ਵੰਡ ਨੂੰ ਲੈ ਕੇ ਪੁਲਿਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ।

ਥਾਣਾ ਸਰਾਏ ਅਮਾਨਤ ਖਾਂ ਅੱਗੇ ਲੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਯੂਨੀਅਨ ਦੇ ਆਗੂ।

ਜਾਣਕਾਰੀ ਦਿੰਦੇ ਹੋਏ ਦੂਸਰੀ ਧਿਰ ਦੇ ਹਰਜਿੰਦਰਪਾਲ ਸਿੰਘ ਅਤੇ ਪਰਿਵਾਰ ਮੈਂਬਰ।