ਜੇਐੱਨਐੱਨ, ਤਰਨਤਾਰਨ : ਚਾਰ ਸਤੰਬਰ ਦੀ ਰਾਤ ਪਿੰਡ ਪੰਡੋਰੀ ਗੋਲਾ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ 'ਚ ਲੱਗੀ ਐੱਨਆਈਏ ਦੀ ਟੀਮ ਵੱਲੋਂ ਬੁੱਧਵਾਰ ਨੂੰ ਖਾਲਿਸਤਾਨੀ ਸਮਰਥਕ ਬਕਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਕੋਲੋਂ ਪੁੱਛਗਿੱਛ ਤੋਂ ਬਾਅਦ ਦੋ ਸਾਬਕਾ ਅੱਤਵਾਦੀਆਂ ਸਮੇਤ ਛੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।

ਇਸ ਦੇ ਨਾਲ ਹੀ ਟੀਮ ਨੇ ਇਸ ਬੰਬ ਧਮਾਕੇ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੇ ਘਰਾਂ 'ਚ ਵੀ ਦਬਿਸ਼ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਹੱਥ ਕਈ ਅਹਿਮ ਦਸਤਾਵੇਜ਼ ਲੱਗੇ ਹਨ।

ਚਾਰ ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਦੇ ਖਾਲੀ ਪਏ ਪਲਾਟ 'ਚ ਉਸ ਵੇਲੇ ਬੰਬ ਧਮਾਕਾ ਹੋਇਆ ਸੀ, ਜਦੋਂ ਜ਼ਮੀਨ 'ਚ ਦੱਬਿਆ ਹੋਇਆ ਬੰਬ ਕੱਢਿਆ ਜਾ ਰਿਹਾ ਸੀ। ਮੌਕੇ 'ਤੇ ਪਿੰਡ ਕਦਗਿੱਲ ਵਾਸੀ ਵਿਕਰਮਜੀਤ ਸਿੰਘ ਵਿੱਕੀ, ਪਿੰਡ ਬਚੜੇ ਵਾਸੀ ਹਰਪ੍ਰੀਤ ਸਿਘ ਹੈਪੀ ਮਾਰੇ ਗਏ ਸਨ, ਜਦਕਿ ਗੁਰਜੰਟ ਸਿੰਘ ਜੰਟਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।

ਜ਼ਿਕਰਯੋਗ ਹੈ ਕਿ 21 ਸਤੰਬਰ ਨੂੰ ਸਰਕਾਰ ਨੇ ਤਰਨਤਾਰਨ ਧਮਾਕੇ ਦੇ ਤਾਰ ਪਾਕਿਸਤਾਨ, ਜਰਮਨੀ ਤੇ ਹੋਰ ਦੇਸ਼ਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਦੀ ਜਾਂਚ ਐੱਨਆਈਏ ਨੂੰ ਸੌਂਪੀ ਸੀ। ਹਾਲਾਂਕਿ ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਪਿੰਡ ਦੀਨੇਵਾਲ ਦੇ ਪੰਚ ਮਾਨਦੀਪ ਸਿੰਘ ਮੱਸਾ, ਫਤਹਿਗੜ੍ਹ ਚੂੜੀਆਂ ਵਾਸੀ ਅਮਰਜੀਤ ਸਿੰਘ ਅੰਬਾ, ਕੋਟਲਾ ਗੁੱਜਰ ਵਾਸੀ ਮਲਕੀਤ ਸਿੰਘ ਮੀਤਾ, ਮੁਰਾਦਾਪੁਰ ਵਾਸੀ ਮਨਪ੍ਰਰੀਤ ਸਿੰਘ ਮੰਨਾ, ਪਿੰਡ ਬਚੜੇ ਵਾਸੀ ਅੰਮਿ੍ਤਪਾਲ ਸਿੰਘ, ਬਟਾਲਾ ਵਾਸੀ ਚੰਨਦੀਪ ਸਿੰਘ ਗੱਬਰ, ਪੰਡੋਰੀ ਗੋਲਾ ਵਾਸੀ ਹਰਜੀਤ ਸਿੰਘ ਹੀਰਾ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਇਨ੍ਹਾਂ 'ਚੋਂ ਚਾਰ ਨੂੰ ਐੱਨਆਈਏ ਦੀ ਟੀਮ ਨੇ ਪ੍ਰਰੋਡਕਸ਼ਨ ਵਾਰੰਟ 'ਤੇ ਲੈ ਕੇ ਕਈ ਦਿਨਾਂ ਤਕ ਪੁੱਛ-ਪੜਤਾਲ ਕੀਤੀ ਸੀ। ਇਸ ਮਾਮਲੇ ਦੇ ਤਾਰ ਪਿੰਡ ਪੰਜਵੜ ਵਾਸੀ ਬਿਕਰਮਜੀਤ ਸਿੰਘ ਵਿੱਕੀ ਪੰਜਵੜ ਨਾਲ ਜੁੜੇ ਪਾਏ ਗਏ ਸਨ। ਗਠਜੋੜ ਸਰਕਾਰ ਦੌਰਾਨ ਹੋਏ ਧਾਰਮਿਕ ਬੇਅਦਬੀ ਦਾ ਬਦਲਾ ਲੈਣ ਲਈ ਵਿੱਕੀ ਪੰਜਵੜ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2016 'ਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੰਬ ਧਮਾਕੇ ਰਾਹੀਂ ਮਾਰਨ ਦੀ ਯੋਜਨਾ ਬਣਾਈ ਸੀ, ਪਰ ਕਾਮਯਾਬੀ ਨਹੀਂ ਮਿਲੀ ਸੀ। ਜਿਸ ਤੋਂ ਬਾਅਦ ਵਿੱਕੀ ਪੰਜਵੜ ਆਸਟਰੇਲੀਆ ਚਲਾ ਗਿਆ ਸੀ।

ਦਮਦਮੀ ਟਕਸਾਲ ਨਾਲ ਜੁੜੇ ਵਿੱਕੀ ਪੰਜਵੜ ਦੇ ਪਰਿਵਾਰਕ ਮੈਂਬਰਾਂ ਨੂੰ ਐੱਸਐੱਸਪੀ ਦਫਤਰ ਬੁਲਾਇਆ ਗਿਆ। ਐੱਨਆਈਏ ਦੀ ਟੀਮ ਨੇ ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਮੌਜੂਦਗੀ 'ਚ ਵਿੱਕੀ ਪੰਜਵੜ ਦੇ ਪਰਿਵਾਰ ਕੋਲੋਂ ਪੁੱਛ-ਪੜਤਾਲ ਕੀਤੀ, ਜਿਸ ਤੋਂ ਬਾਅਦ ਬੰਬ ਧਮਾਕੇ ਦੇ ਦੋਸ਼ 'ਚ ਕਾਬੂ ਕੀਤੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ।

ਸੂਤਰਾਂ ਦੀ ਮੰਨੀਏ ਤਾਂ ਬੰਬ ਧਮਾਕੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ 'ਚ ਵਿਦੇਸ਼ੀ ਫੰਡਿੰਗ ਦੇ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਅਨੁਸਾਰ ਟੀਮ ਨੇ ਦੋ ਸਾਬਕਾ ਅੱਤਵਾਦੀਆਂ ਕੋਲੋਂ ਕੀਤੀ ਪੁੱਛ-ਪੜਤਾਲ ਦੌਰਾਨ ਪਾਕਿਸਤਾਨ 'ਚ ਰਹਿੰਦੇ ਉਸਮਾਨ ਨਾਂ ਦੇ ਵਿਅਕਤੀ ਦਾ ਨਾਮ ਵੀ ਸਾਹਮਣੇ ਆਇਆ ਹੈ।