ਬੱਲੂ ਮਹਿਤਾ, ਪੱਟੀ : ਸੋਮਵਾਰ ਨੂੰ ਪੱਟੀ ਤਰਨਤਾਰਨ ਸੜਕ ’ਤੇ ਪੁਲਿਸ ਨਾਲ ਹੋਏ ਮੁਕਾਬਲੇ ’ਚ ਜ਼ਖਮੀ ਹੋਏ ਚਾਰ ਬਦਮਾਸ਼ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ, ਗੁਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਣਕਪੁਰਾ, ਰਾਜਬੀਰ ਸਿੰਘ ਪੁੱਤਰ ਲਾਹੌਰਾ ਸਿੰਘ ਵਾਸੀ ਗੰਡੀਵਿੰਡ ਧੱਤਲ ਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੁੱਲਰ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ।

ਮੁਕਾਬਲੇ ਸਮੇਂ ਮਿ੍ਤਕ ਹਾਲਤ ’ਚ ਪੁਲਿਸ ਨੂੰ ਮਿਲੇ ਗੁਰਪ੍ਰੀਤ ਸਿੰਘ (20) ਪੁੱਤਰ ਅਮਰਜੀਤ ਸਿੰਘ ਦਾ ਮੰਗਲਵਾਰ ਨੂੰ ਥਾਣਾ ਸਿਟੀ ਪੱਟੀ ਦੇ ਮੁਖੀ ਲਖ਼ਬੀਰ ਸਿੰਘ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਸਿਵਲ ਹਸਪਤਾਲ ਪੱਟੀ ਵਿਖੇ ਮਿ੍ਤਕ ਦੇ ਪਿਤਾ ਅਮਰਜੀਤ ਸਿੰਘ ਵਾਸੀ ਜੱਟਾ ਜੋ ਕਿ ਡੀਸੀ ਦਫਤਰ ਤਰਨਤਾਰਨ ਵਿਖੇ ਨੌਕਰੀ ਕਰਦਾ ਹੈ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਜਦੋਂ ਬਾਰ੍ਹਵੀਂ ਜਮਾਤ ਪਾਸ ਕੀਤੀ ਤਾਂ ਉਸਦੀ ਮਾਂ ਰਾਜਬੀਰ ਕੌਰ ਨੇ ਲੜਕੇ ਨੂੰ ਸਪੇਨ ਭੇਜਣ ਲਈ ਉਸਦਾ ਪਾਸਪੋਰਟ ਵੀਜ਼ਾ ਲੱਗਣ ਲਈ ਭੇਜਿਆ ਸੀ, ਪਰ ਉਮਰ ਘੱਟ ਹੋਣ ਕਾਰਨ ਰਿਫਿਊਜ਼ ਹੋ ਗਿਆ।

ਮਿ੍ਤਕ ਦੇ ਪਿਤਾ ਨੇ ਦੱਸਿਆ ਕਿ ਘਰੋਂ ਉਹ ਉਸ ਨੂੰ ਸਕੂਲ ਕੋਰਸ ਕਰਨ ਲਈ ਭੇਜਦੇ ਸੀ, ਇਹ ਪਤਾ ਨਹੀਂ ਗੈਂਗਸਟਰ ਕਿੱਦਾਂ ਬਣ ਗਿਆ। ਉਹ ਹਥਿਆਰ ਕਿੱਥੋਂ ਲੈ ਕੇ ਆਇਆ, ਕੁਝ ਨਹੀਂ ਪਤਾ। ਜਦੋਂ ਲਾਕਡਾਊਨ ਲੱਗਿਆ ਤਾਂ ਉਸ ਤੋਂ ਬਾਅਦ ਇਹ ਘਰ ਨਹੀਂ ਆਇਆ ਬਾਹਰ ਹੀ ਰਹਿੰਦਾ ਸੀ।

ਇਸ ਨੂੰ ਕੌਣ ਟ੍ਰੇਨਿੰਗ ਦਿੰਦਾ ਕੌਣ ਰਿਹਾਇਸ਼, ਕੁਝ ਨਹੀਂ ਪਤਾ। ਉਸ ਨੇ ਦੱਸਿਆ ਕਿ ਉਸ ਦਾ ਇਕ ਲੜਕਾ 14 ਸਾਲ ਦੀ ਉਮਰ ਵਿਚ ਰੱਬ ਨੂੰ ਪਿਆਰਾ ਹੋ ਗਿਆ ਸੀ। ਇਥੇ ਦੱਸ ਦੇਈਏ ਕਿ ਪੰਜ ਬਦਮਾਸ਼ ਜਿੰਨ੍ਹਾਂ ਨੇ ਇਕ ਹਫਤੇ ’ਚ ਜਿਲ੍ਹੇ ’ਚ ਦਰਜ਼ਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸੋਮਵਾਰ ਨੂੰ ਜਿਲ੍ਹਾ ਪੁਲਿਸ ਨੇ ਮੁਕਾਬਲਾ ਕਰਦਿਆਂ ਉਨ੍ਹਾਂ ਨੂੰ ਇਕ ਪੈਲਸ ’ਚੋਂ ਜਖ਼ਮੀ ਹਾਲਤ ’ਚ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਸੀ। ਪੁਲਿਸ ਮੁਕਾਬਲੇ ਦੌਰਾਨ ਬਦਮਾਸ਼ਾਂ ਨੇ ਦੋ ਹੋਮ ਗਾਰਡ ਦੇ ਜਵਾਨ ਅਤੇ ਇਕ ਪੁਲਿਸ ਮੁਲਜ਼ਮ ਨੂੰ ਜਖ਼ਮੀ ਕਰ ਦਿੱਤਾ ਸੀ। ਇਲਾਕੇ ਅੰਦਰ ਲੁਟੇਰਿਆਂ ਨੇ ਕਾਫੀ ਦਹਿਸ਼ਤ ਪਾਈ ਹੋਈ ਸੀ।

Posted By: Jagjit Singh