ਜਸਪਾਲ ਸਿੰਘ ਜੱਸੀ, ਤਰਨਤਾਰਨ : ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਜੋ ਦੁਖਾਂਤ ਵਾਪਰਿਆ ਹੈ, ਉਹ ਸਰਕਾਰ ਦੀ ਨਾਲਾਇਕੀ ਕਰਕੇ ਵਾਪਰਿਆ ਹੈ। ਇਸ ਦੌਰਾਨ 80 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਸਰਕਾਰ ਮੁਆਵਜੇ ਦੇ ਨਾਂ 'ਤੇ ਦੋ-ਦੋ ਲੱਖ ਰੁਪਏ ਦੇਣ ਦੀ ਗੱਲ ਕਰ ਰਹੀ ਹੈ। ਜਦੋਂਕਿ ਪੀੜਤ ਪਰਿਵਾਰਾਂ ਨੂੰ 25-25 ਲੱਖ ਮੁਆਵਜਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਕਿਉਂਕਿ ਇਸ ਸਾਰੇ ਵਰਤਾਰੇ ਪਿੱਛੇ ਸਰਕਾਰ ਜ਼ਿੰਮੇਵਾਰ ਹੈ।

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਉਪਰੰਤ ਸਿਵਲ ਹਸਪਤਾਲ ਤਰਨਤਾਰਨ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਚੰਦ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰਕੇ ਸਰਕਾਰ ਨੇ ਲੋਕਾਂ ਦੇ ਅੱਥਰੂ ਪੂੰਝਣ ਵਰਗਾ ਕੰਮ ਹੀ ਕੀਤਾ ਹੈ। ਜਦੋਂਕਿ ਅਸਲ ਕਾਰਵਾਈ ਤਾਂ ਉਨ੍ਹਾਂ ਸਿਆਸੀ ਲੋਕਾਂ 'ਤੇ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਸਰਪ੍ਰਸਤੀ ਹੇਠ ਇਹ ਧੰਦਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਮੁੱਖ ਮੰਤਰੀ ਦੇ ਕੋਲ ਹੈ, ਫਿਰ ਵੀ ਸੂਬੇ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਸਿਖਰ 'ਤੇ ਚੱਲ ਰਿਹਾ ਹੈ। ਉਨ੍ਹਾਂ ਦੇ ਵਿਧਾਇਕਾਂ ਦੀਆਂ ਲੀਕਰ ਫੈਕਟਰੀਆਂ 'ਚੋਂ ਪਿਛਲੇ ਦਰਵਾਜੇ ਰਾਂਹੀ ਟਰੱਕ ਬਾਹਰ ਨਿਕਲਦੇ ਹਨ ਅਤੇ ਕਾਰਵਾਈ ਦੇ ਨਾਂ 'ਤੇ ਆਬਕਾਰੀ ਵਿਭਾਗ ਕੇਵਲ ਕੰਧ ਦੀ ਮੁਰੰਮਤ ਕਰਵਾ ਕੇ ਮੁੜ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਪਿੰਡਾਂ 'ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਮੌਕੇ ਖਡੂਰ ਸਾਹਿਬ ਦੇ ਵਿਧਾਇਕ ਦੇ ਪੀਏ ਦਾ ਨਾਂ ਲੋਕਾਂ ਵੱਲੋਂ ਸ਼ਰੇਆਮ ਲਿਆ ਜਾ ਰਿਹਾ ਹੈ ਪਰ ਪੁਲਿਸ ਇਸ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਸ਼ਰਾਬ ਮਾਫੀਆ ਦਾ ਕਾਰਾ ਹੈ ਤੇ ਸਾਰਾ ਮਾਝਾ ਖੇਤਰ 'ਚ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਹੋਈ ਹੈ। ਉਨ੍ਹਾਂ ਨੂੰ ਪਿੰਡਾਂ ਵਿਚ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਪਿੰਡ ਵਿਚ ਅੱਡੇ ਲਗਾ ਕੇ ਰੋਜਾਨਾਂ ਸ਼ਰਾਬ ਵੇਚੀ ਜਾਂਦੀ ਹੈ ਅਤੇ ਆਬਕਾਰੀ ਵਿਭਾਗ ਰਾਂਹੀ ਸਰਕਾਰ ਦੇ ਮਾਲੀਏ ਵਿਚ ਜਾਣ ਵਾਲੇ ਪੈਸੇ 'ਚੋਂ 15 ਹਜਾਰ ਕਰੋੜ ਸ਼ਰਾਬ ਮਾਫੀਆ ਦੀ ਜੇਬ ਵਿਚ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 83 ਮੌਤਾਂ ਤੋਂ ਬਾਅਦ ਕਮਿਸ਼ਨਰ ਪੱਧਰ ਦੀ ਜਾਂਚ ਨਹੀਂ ਹੋ ਸਕਦੀ। ਜੇਕਰ ਮੁੱਖ ਮੰਤਰੀ ਸੱਚ ਜਾਨਣਾ ਚਾਹੁੰਦੇ ਹਨ ਤਾਂ ਉਹ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ। ਇਸ ਮੌਕੇ 'ਤੇ ਪੰਜਾਬ ਏਕਤਾ ਪਾਰਟੀ ਦੇ ਬਾਰਡਰ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਸੁਰਜੀਤ ਸਿੰਘ ਭੂਰਾ, ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਸਾਬਕਾ ਸਰਪੰਚ ਕਾਰਜ ਸਿੰਘ ਵਲਟੋਹਾ, ਕਰਮਜੀਤ ਸਿੰਘ ਦਿਓਲ ਆਦਿ ਵੀ ਮੌਜੂਦ ਸਨ।

Posted By: Amita Verma