ਜਸਪਾਲ ਸਿੰਘ ਜੱਸੀ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਬਜ਼ੁਰਗਾਂ ਦੇ ਖ਼ੂਨ ਨਾਲ ਸਿੰਝੀ ਪਾਰਟੀ ਹੈ ਜਿਨ੍ਹਾਂ ਇਸ ਨੂੰ ਸਥਾਪਤ ਕਰਨ ਲਈ ਕੁਰਬਾਨੀਆਂ ਕੀਤੀਆਂ। ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਔਖੇ ਸਮੇਂ 'ਚ ਪਾਰਟੀ ਦਾ ਸਾਥ ਛੱਡਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨੂੰ ਦੁਬਾਰਾ ਕਦੇ ਵੀ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ ਕਿਉਂਕਿ ਅਕਾਲੀ ਦਲ ਕਿਸੇ ਵਿਅਕਤੀ ਨਹੀਂ ਬਲਕਿ ਜ਼ਮੀਨ ਨਾਲ ਜੁੜੇ ਵਰਕਰਾਂ ਦੀ ਪਾਰਟੀ ਹੈ।

ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਨੌਰੰਗਾਬਾਦ ਵਿਖੇ 'ਵਰਕਰ ਮਿਲਣੀ' ਦੇ ਨਾਂ ਤੇ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਸਰੇ ਸਥਾਨ 'ਤੇ ਜਿਨ੍ਹਾਂ ਦਾ ਸਤਿਕਾਰ ਹੁੰਦਾ ਸੀ ਉਹ ਬ੍ਰਹਮਪੁਰਾ ਹੀ ਸਨ। ਉਨ੍ਹਾਂ ਦਾ ਸਾਥ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੌਰਾਨ ਕਾਂਗਰਸ ਦੇ ਉਲਟ ਉਸ ਵੇਲੇ ਦਿੱਤਾ ਜਦੋਂ ਕੈਰੋਂ ਪਰਿਵਾਰ ਨਾਲ ਹਾਲੇ ਸਬੰਧ ਬਣੇ ਹੀ ਸਨ। ਰਿਸ਼ਤੇਦਾਰੀ ਨੂੰ ਕਿਨਾਰੇ ਕਰਕੇ ਪਾਰਟੀ ਨੂੰ ਪਹਿਲ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਬ੍ਰਹਮਪੁਰਾ ਦੀ ਗੱਲ ਮੰਨੀ। ਜਦੋਂ ਉਹ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ ਤਾਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਸ ਵੇਲੇ ਦੇ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਟਿਕਟ ਕੱਟ ਕੇ ਬ੍ਰਹਮਪੁਰਾ ਨੂੰ ਸੰਸਦ ਮੈਂਬਰ ਦੀ ਚੋਣ ਲੜਾਈ। ਇੰਨਾ ਹੀ ਨਹੀਂ ਕਾਂਗਰਸੀ ਵਿਧਾਇਕ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਖ਼ਾਲੀ ਹੋਈ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਸੀਟ ਜਿਸ ਨੂੰ ਅਕਾਲੀ ਦਲ ਲੜਨਾ ਨਹੀਂ ਸੀ ਚਾਹੁੰਦਾ, ਦੀ ਟਿਕਟ ਵੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਜ਼ਿੱਦ ਕਰ ਕੇ ਪ੍ਰਕਾਸ਼ ਸਿੰਘ ਬਾਦਲ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਦਿੱਤੀ। ਪਾਰਟੀ 'ਚ ਸਨਮਾਨਿਤ ਅਹੁਦਿਆਂ 'ਤੇ ਰਹਿਣ ਤੋਂ ਬਾਅਦ ਜਦੋਂ ਅਕਾਲੀ ਦਲ 'ਤੇ ਸੰਕਟ ਆਇਆ ਤਾਂ ਇਨ੍ਹਾਂ ਨੇ ਪਾਰਟੀ ਦੇ ਉਲਟ ਬੋਲਣਾ ਸ਼ੁਰੂ ਕਰ ਦਿੱਤਾ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਦੀ ਇਸ ਮੀਟਿੰਗ ਵਿਚ ਪੁੱਜੇ ਹਜ਼ਾਰਾਂ ਲੋਕਾਂ ਦਾ ਇਕੱਠ ਗਵਾਹੀ ਭਰਦਾ ਹੈ ਕਿ ਲੋਕ ਅਕਾਲੀ ਦਲ ਨਾਲ ਜੁੜੇ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ।

ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਪਾਰਟੀ ਨੇ ਬ੍ਰਹਮਪੁਰਾ ਨੂੰ ਕਈ ਵਾਰ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਤਕ ਬਣਾਇਆ ਉਸੇ ਪਾਰਟੀ ਦੇ ਮੁਖੀ ਖ਼ਿਲਾਫ਼ ਝੰਡਾ ਚੁੱਕਣ ਵਾਲੇ ਬ੍ਰਹਮਪੁਰਾ ਅਤੇ ਹੋਰ ਟਕਸਾਲੀ ਅਖਵਾਉਣ ਵਾਲਿਆਂ ਨੂੰ ਕਾਂਗਰਸ ਵਰਤ ਰਹੀ ਹੈ ਤਾਂ ਜੋ ਵਿਰੋਧੀ ਧਿਰ ਨੂੰ ਪਾੜਿਆ ਜਾ ਸਕੇ।

ਇਸ ਮੌਕੇ 'ਤੇ ਪ੍ਰੋ. ਵਿਰਸਾ ਸਿੰਘ ਵਲਟੋਹਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਤੋਂ ਇਲਾਵਾ ਖਡੂਰ ਸਾਹਿਬ ਹਲਕੇ 'ਚ ਅਕਾਲੀ ਦਲ ਦੀ ਵਾਗਡੋਰ ਸੰਭਾਲ ਰਹੇ ਅਲਵਿੰਦਰਪਾਲ ਸਿੰਘ ਪੱਖੋਕੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਨੇ ਵੀ ਸੰਬੋਧਨ ਕੀਤਾ। ਜਦੋਂਕਿ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ, ਸ਼੍ਰੋਅਦ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਗੁਰਵੇਲ ਸਿੰਘ ਰੰਧਾਵਾ ਮੱਤੇਵਾਲ, ਕੁਲਦੀਪ ਸਿੰਘ ਔਲਖ, ਪ੍ਰਗਟ ਸਿੰਘ ਬਨਵਾਲੀਪੁਰ, ਬਖਸ਼ੀਸ਼ ਸਿੰਘ ਡਿਆਲ, ਦਲਬੀਰ ਸਿੰਘ ਜਹਾਂਗੀਰ, ਭੁਪਿੰਦਰ ਸਿੰਘ ਭਿੰਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ।

Posted By: Seema Anand