ਜਸਪਾਲ ਸਿੰਘ ਜੱਸੀ, ਤਰਨਤਾਰਨ : ਟਰੈਫਿਕ ਸਟਾਫ ਪੱਟੀ ਦੇ ਕਰਮਚਾਰੀਆਂ ਵੱਲੋਂ ਰਾਸ਼ਟਰੀ ਮਾਰਗ 'ਤੇ ਪਿੰਡ ਖਾਰਾ ਕੋਲ ਨਾਕਾ ਲਗਾ ਕੇ ਟਰੱਕਾਂ ਵਾਲਿਆਂ ਕੋਲੋਂ ਪੈਸੇ ਲੈਂਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਨੇ ਸਖ਼ਤ ਨੋਟਿਸ ਲੈਂਦਿਆਂ ਥਾਣੇਦਾਰ ਸਮੇਤ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਇਨ੍ਹਾਂ ਦੀ ਵਿਭਾਗੀ ਪੜਤਾਲ ਵੀ ਖੋਲ੍ਹ ਦਿੱਤੀ ਹੈ।

ਪਿੰਡ ਖਾਰੇ ਦੇ ਮੋੜ ਕੋਲ ਨੈਸ਼ਨਲ ਹਾਈਵੇ 'ਤੇ ਪੰਜਾਬ ਹੋਮ ਗਾਰਡ ਦੇ ਦੋ ਜਵਾਨਾਂ ਸਮੇਤ ਟਰੈਫਿਕ ਸਟਾਫ ਪੱਟੀ ਦੇ ਐੱਸਐੱਸਪੀ ਸਵਿੰਦਰ ਸਿੰਘ ਬਲੈਰੋ ਗੱਡੀ ਸਮੇਤ ਨਾਕੇ ਤੇ ਤਾਇਨਾਤ ਸਨ। 13 ਨਵੰਬਰ ਨੂੰ ਨਾਕੇ ਦੌਰਾਨ ਉਥੋਂ ਲੰਘਣ ਵਾਲੇ ਟਰੱਕਾਂ ਵਾਲਿਆਂ ਕੋਲੋਂ ਕਰਮਚਾਰੀਆਂ ਦੇ ਪੈਸੇ ਲੈਣ ਦੀ ਵੀਡੀਓ ਕਿਸੇ ਅਣਜਾਣ ਵਿਅਕਤੀ ਨੇ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਉਕਤ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ ਐੱਸਐੱਸਪੀ ਧਰੁਵ ਦਹੀਆ ਨੇ ਏਐੱਸਆਈ ਸਵਿੰਦਰ ਸਿੰਘ ਸਣੇ ਪੰਜਾਬ ਹੋਮਗਾਰਡ ਦੇ ਕਰਮਚਾਰੀ ਬਲਕਾਰ ਸਿੰਘ ਅਤੇ ਗੁਰਭੇਜ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਐੱਸਐੱਸਪੀ ਧਰੁਵ ਦਹੀਆ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿਚ ਕਰਮਚਾਰੀ ਪੈਸੇ ਲੈਂਦੇ ਦਿਖਾਈ ਦੇ ਰਹੇ ਹਨ। ਇਹ ਬਹੁਤ ਹੀ ਇਤਰਾਜਯੋਗ ਹਰਕਤ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਮੁਅੱਤਲ ਕਰਕੇ ਨਾਲ ਹੀ ਵਿਭਾਗੀ ਪੜਤਾਲ ਵੀ ਖੋਲ੍ਹ ਦਿੱਤੀ ਗਈ ਹੈ।

ਬਾਕਸ : ਭ੍ਰਿਸ਼ਟਚਾਰ ਕਰਨ ਵਾਲੇ ਕਰਮਚਾਰੀ ਦੀ ਲੋਕ ਦੇਣ ਸੂਚਨਾ- ਐਸਐਸਪੀ

ਐਸਐਸਪੀ ਧਰੁਵ ਦਹੀਆ ਨੇ ਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਰਹਿਤ ਹੋ ਕੇ ਕਰਨ ਲਈ ਕਿਹਾ ਸੀ। ਜੇਕਰ ਕੋਈ ਭ੍ਰਿਸ਼ਟਾਚਾਰ ਕਰਦਾ ਪਾਇਆ ਗਿਆ ਤਾਂ ਉਸਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਜ਼ਿਲ੍ਹੇ 'ਚ ਕੋਈ ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ਵਤ ਲੈਣ ਵਾਲੇ ਵਿਰੁੱਧ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By: Sarabjeet Kaur