ਜੇਐੱਨਐੱਨ, ਤਰਨਤਾਰਨ : ਕੋਰੋਨਾ ਕਾਲ ਦੌਰਾਨ ਲੋਕਾਂ ਦੀ ਮਦਦ ਕਰ ਕੇ ਚਰਚਾ 'ਚ ਆਏ ਫਿਲਮ ਅਭਿਨੇਤਾ ਸੋਨੂੰ ਸੂਦ ਜ਼ਹਿਰੀਲੀ ਸ਼ਰਾਬ ਪੀ ਕੇ ਜਾਨ ਗਵਾਉਣ ਵਾਲੇ ਮਰਾਦਪੁਰ ਦੇ ਰਿਕਸ਼ਾ ਚਾਲਕ ਸੁਖਦੇਵ ਸਿੰਘ ਦੇ ਚਾਰ ਬੱਚਿਆਂ ਦੀ ਜ਼ਿੰਦਗੀ ਸੰਵਾਰਨਗੇ। ਸੋਨੂੰ ਸੂਦ ਇਨ੍ਹਾਂ ਬੱਚਿਆਂ ਨੂੰ ਗੋਦ ਲੈਣਗੇ। ਚਾਰਾਂ ਬੱਚਿਆਂ ਨੂੰ ਫਾਜ਼ਿਲਕਾ ਦੇ ਮਾਤਾ ਛਾਇਆ ਆਸ਼ਰਮ 'ਚ ਰੱਖ ਕੇ ਚੰਗੀ ਪਰਵਰਿਸ਼ ਕੀਤੀ ਜਾਵੇਗੀ। ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਸੋਨੂੰ ਸੂਦ ਹੀ ਚੁੱਕਣਗੇ।

ਸੋਨੂੰ ਦੇ ਦੋਸਤ ਈਐੱਚਡੀ ਚੈਂਬਰਸ ਆਫ ਕਾਮਰਸ ਜੇ ਚੇਅਰਮੈਨ ਕਰਨ ਗਲਹੋਤਰਾ ਨੇ ਦੱਸਿਆ ਕਿ ਇਕ ਹਫਤੇ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੁਰਾਦਪੁਰ ਦੇ ਰਿਕਸ਼ਾ ਚਾਲਕ ਸੁਖਦੇਵ ਸਿੰਘ ਦੀ ਮੌਤ ਹੋ ਗਈ ਸੀ। ਗਮ 'ਚ ਦੋ ਘੰਟੇ ਬਾਅਦ ਉਸ ਦੀ ਪਤਨੀ ਜੋਤੀ ਨੇ ਦਮ ਤੋੜ ਦਿੱਤਾ ਸੀ। ਦੋਵਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਦੇ ਅਨਾਥ ਹੋਏ ਚਾਰ ਬੱਚਿਆਂ 13 ਸਾਲਾ ਕਰਨਬੀਰ ਸਿੰਘ, 11 ਸਾਲਾ ਗੁਰਪ੍ਰੀਤ ਸਿੰਘ, 9 ਸਾਲਾ ਅਰਸ਼ਪ੍ਰੀਤ ਸਿੰਘ ਤੇ 7 ਸਾਲਾ ਸੰਦੀਪ ਸਿੰਘ ਨੂੰ ਐੱਨਜੀਓ ਸੰਸਥਾ ਚਲਾਉਣ ਵਾਲੇ ਗਗਨਦੀਪ ਸਿੰਘ ਆਪਣੇ ਘਰ ਲੈ ਗਏ ਸਨ। ਸੁਖਦੇਵ ਸਿੰਘ ਦੇ ਭਾਰ ਮਨਜੀਤ ਸਿੰਘ ਤੇ ਭਾਬੀ ਕਮਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਦੇ ਦਖ਼ਲ ਨਾਲ ਚਾਰਾਂ ਬੱਚਿਆਂ ਨੂੰ ਵਾਪਸ ਘਰ ਲਿਆਂਦਾ ਗਿਆ। ਤਿੰਨ ਅਗਸਤ ਨੂੰ 'ਪੰਜਾਬੀ ਜਾਗਰਣ' ਵੱਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਤਾਂ ਫਿਲਮ ਅਭਿਨੇਤਾ ਸੋਨੂੰ ਸੂਦ ਨੇ ਚਾਰਾਂ ਬੱਚਿਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ।

ਉੱਧਰ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਡਾ. ਦਿਨੇਸ਼ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਗੋਦ ਲੈਣ ਲਈ ਸੈਂਟਰਲਾਈਜੇਸ਼ਨ ਅਡਾਪਸ਼ਨ ਰਿਸੋਰਸ ਏਜੰਸੀ (ਕਾਰਾ) ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਫਿਲਹਾਲ ਚਾਰੇ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੇ ਹਨ। ਇਨ੍ਹਾਂ ਬੱਚਿਆਂ ਦੀ ਕਾਉਂਸਲਿੰਗ ਵੀ ਜ਼ਰੂਰੀ ਹੈ। ਇਸ ਲਈ ਬੱਚਿਆਂ ਦੀ ਦੇਖਭਾਲ ਕਰ ਰਹੇ ਰਿਸ਼ਤੇਦਾਰਾਂ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

Posted By: Amita Verma