ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਕਸਬਾ ਹਰੀਕੇ ਪੱਤਣ ਵਿਖੇ ਜਵਾਈ ਵੱਲੋਂ ਸਹੁਰੇ ਘਰ 'ਤੇ ਹਮਲਾ ਕਰਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ 'ਚ ਲੜਕੀ ਦਾ ਚਾਚਾ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਿਆ ਜਿਸ ਨੂੰ ਪੱਟੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੰਨਾ ਹੀ ਨਹੀਂ ਹਮਲਾਵਰਾਂ ਵੱਲੋਂ 80 ਸਾਲਾ ਬਜ਼ੁਰਗ ਮਾਤਾ ਦੀ ਕੁੱਟਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ। ਘਟਨਾ ਮੌਕੇ ਪੁੱਜੀ ਥਾਣਾ ਹਰੀਕੇ ਦੀ ਪੁਲਿਸ ਨੇ ਅੱਠ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਜਦਕਿ ਪਿੰਡ ਦੇ ਲੋਕਾਂ ਨੇ ਹਮਲਾਵਰਾਂ 'ਚੋਂ ਇਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਦਾ ਦਾਅਵਾ ਕੀਤਾ ਹੈ।

ਕਾਰ ਨੂੰ ਪਿੱਛੋਂ ਟੱਕਰ ਮਾਰਨ ਤੋਂ ਬਾਅਦ ਲੜਾਈ-ਝਗੜਾ ਕੀਤਾ ਤੇ ਫਿਰ ਮੋਬਾਈਲ ਖੋਹ ਕੇ ਹੋ ਗਈ ਫ਼ਰਾਰ

ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਪਵਨਪ੍ਰੀਤ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਗੁਰਸਾਹਿਬ ਸਿੰਘ ਨਾਲ ਹੋਇਆ ਸੀ ਜਿਸ ਨੇ ਹੁਣ ਤਕ ਲੜਕੀ ਨੂੰ ਤੰਗ ਕਰਨ ਦੇ ਨਾਲ ਕੁੱਟਮਾਰ ਕਰਨ 'ਚ ਕੋਈ ਕਸਰ ਨਹੀਂ ਛੱਡੀ।

ਲੰਘੇ ਦਿਨ ਵੀ ਪਵਨਪ੍ਰੀਤ ਨੇ ਆਪਣੇ ਨਾਲ ਹੋਈ ਕੁੱਟਮਾਰ ਸਬੰਧੀ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਸ ਦਾ ਲੜਕਾ ਮਨਜਿੰਦਰ ਸਿੰਘ ਲੜਕੀ ਨੂੰ ਲੈ ਆਇਆ। ਪਰ ਲੜਕੀ ਦੀ ਸੱਸ ਅਤੇ ਪਤੀ ਨੇ ਇਕ ਸਾਲ ਦੇ ਮਾਸੂਮ ਨੂੰ ਮਾਂ ਤੋਂ ਖੋਹ ਕੇ ਰੱਖ ਲਿਆ। ਜਿਸ ਨੂੰ ਉਹ ਪੁਲਿਸ ਦੇ ਦਖਲ ਤੋਂ ਬਾਅਦ ਘਰ ਲੈ ਆਏ। ਘਰ ਆਉਣ ਤੋਂ ਅੱਧੇ ਘੰਟੇ ਬਾਅਦ ਗੁਰਸਾਹਿਬ ਸਿੰਘ ਨੇ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਰਿਵਾਲਵਰ ਅਤੇ ਬੰਦੂਕ ਦੀਆਂ 35-40 ਗੋਲ਼ੀਆਂ ਚਲਾਈਆਂ ਗਈਆਂ।

ਇਸ ਘਟਨਾ ਵਿਚ ਉਸ ਦਾ ਭਰਾ ਹਰਦੀਪ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ। ਇਸ ਤੋਂ ਇਲਾਵਾ ਹਮਲਾਵਰਾਂ ਨੇ ਘਰ ਦੀ ਭੰਨ ਤੋੜ ਕੀਤੀ ਅਤੇ 80 ਸਾਲਾ ਬਜ਼ੁਰਗ ਗੁਰਬਚਨ ਕੌਰ ਦੇ ਥੱਪੜ ਮਾਰੇ। ਮੌਕੇ 'ਤੇ ਆਈ ਥਾਣਾ ਹਰੀਕੇ ਦੀ ਪੁਲਿਸ ਨਾਲ ਹੱਥੋਪਾਈ ਹੋ ਕੇ ਜਿੱਥੇ ਹਮਲਾਵਰ ਫਰਾਰ ਹੋ ਗਏ ਉਥੇ ਹੀ ਇਕ ਹਮਲਾਵਰ ਨੂੰ ਲੋਕਾਂ ਵੱਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਗਿਆ।

ਇਸ ਮੌਕੇ ਤੇ ਦਲਜੀਤ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ, ਕਰਮਜੀਤ ਸਿੰਘ, ਸਰਦੂਲ ਸਿੰਘ ਅਤੇ ਜਸਵੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜਰ ਸਨ।

Posted By: Amita Verma