ਸੰਦੀਪ ਮਹਿਤਾ/ਜਗਦੀਸ਼ ਰਾਜ, ਖੇਮਕਰਨ/ਅਮਰਕੋਟ : ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ’ਚ ਸਕੂਲ ਤੋਂ ਵਾਪਸੀ ਸਮੇਂ ਵੈਨ ਹੇਠ ਆਉਣ ਕਾਰਨ ਇਕ ਛੇ ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ਼ਨਿੱਚਰਵਾਰ ਨੂੰ ਦੁਪਹਿਰ ਸਮੇਂ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਆਸਲ ਉਤਾੜ ਵਿਚ ਨਰਸਰੀ ’ਚ ਪੜ੍ਹਦੇ ਮਹਿਤਾਬ ਸਿੰਘ (6) ਪੁੱਤਰ ਸਰਵਨ ਸਿੰਘ ਦੀ ਸਕੂਲ ਤੋਂ ਵਾਪਸ ਘਰ ਆਉਂਦੇ ਸਮੇਂ ਸਕੂਲ ਦੀ ਵੈਨ ਹੇਠ ਆਉਣ ਕਾਰਨ ਮੌਤ ਹੋ ਗਈ। ਮਿ੍ਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਜਦੋਂਕਿ ਇਸ ਹਾਦਸੇ ਦੌਰਾਨ ਇਕ ਹੋਰ ਬੱਚਾ ਗੁਰਨੂਰ ਸਿੰਘ (6) ਪੁੱਤਰ ਅਵਤਾਰ ਸਿੰਘ ਗੰਭੀਰ ਜਖਮੀ ਹੋ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਸਕੂਲ ਵੈਨ ਇਸੇ ਪਿੰਡ ਦੀ ਹੈ ਤੇ ਉਸ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ।

ਪਿੰਡ ਵਾਸੀਆਂ ਮੁਤਾਬਿਕ ਉਨ੍ਹਾਂ ਵੱਲੋਂ ਚਾਲਕ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਉਸ ਨੇ ਵੈਨ ਨੂੰ ਠੀਕ ਨਹੀਂ ਕਰਵਾਇਆ ਗਿਆ। ਜਿਸ ਕਰਕੇ ਇਹ ਦੁੱਖਦਾਈ ਘਟਨਾ ਵਾਪਰੀ ਹੈ। ਇਸ ਸਬੰਧੀ ਥਾਣਾ ਖੇਮਕਰਨ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਸੀ।

Posted By: Jagjit Singh