ਰਾਜਨ ਚੋਪੜਾ, ਭਿੱਖੀਵਿੰਡ : ਪਿੰਡ ਮਾੜੀ ਗੌੜ ਸਿੰਘ ਵਿਖੇ ਪੰਚਾਇਤ ਤੇ ਸਰਕਾਰ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇਥੇ ਐੱਸਸੀ ਭਾਈਚਾਰੇ ਲਈ ਬਣੇ ਸ਼ਮਸ਼ਾਨਘਾਟ ਨੂੰ ਕੋਈ ਰਸਤਾ ਨਹੀਂ ਛੱਡਿਆ ਗਿਆ, ਜੇ ਕੋਈ ਰਸਤਾ ਛੱਡਿਆ ਵੀ ਹੈ ਤਾਂ ਉਸ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਵਾਹ ਲਿਆ ਗਿਆ ਹੈ ਜਿਸ ਕਾਰਨ ਸ਼ਨਿਚਰਵਾਰ ਨੂੰ ਪਿੰਡ ਵਿਚ ਮਰੇ ਇਕ ਵਿਅਕਤੀ ਦਾ ਸਸਕਾਰ ਕਰਨ ਜਾਂਦੇ ਸਮੇਂ ਲੋਕਾਂ ਨੂੰ ਝੋਨੇ ਦੀ ਫ਼ਸਲ ਦੇ ਚਿੱਕੜ ’ਚ ਦੀ ਹੋ ਕੇ ਲੰਘਣਾ ਪਿਆ ਜਿਸ ਦੇ ਚੱਲਦਿਆਂ ਲੋਕਾਂ ’ਚ ਸਰਕਾਰ ਤੇ ਪੰਚਾਇਤ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਸ਼ਪਾਲ ਸਿੰਘ, ਸਤਨਾਮ ਸਿੰਘ ਤੇ ਗੁਰਬੀਰ ਸਿੰਘ ਨੇ ਦੱਸਿਆ ਕਿ ਪਿੰਡ ਮਾੜੀਗੌੜ ਸਿੰਘ ਦੇ ਸ਼ਮਸ਼ਾਨਘਾਟ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਸ਼ਮਸ਼ਾਨਘਾਟ ਨੂੰ ਕੁਝ ਸਾਲ ਪਹਿਲਾਂ ਛੱਡੇ ਦੋ ਕਰਮਾਂ ਦੇ ਰਸਤੇ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਜ਼ਬਰਦਸਤੀ ਵਾਹ ਲਿਆ ਹੈ ਤੇ ਇੱਥੇ ਇਕ ਨਿੱਕੀ ਜਿਹੀ ਵੱਟ ਹੀ ਰਹਿਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਜਦੋਂ ਵੀ ਐੱਸਸੀ ਭਾਈਚਾਰੇ ’ਚ ਕੋਈ ਮੌਤ ਹੁੰਦੀ ਹੈ ਤਾਂ ਇਸੇ ਤਰ੍ਹਾਂ ਹੀ ਉਨ੍ਹਾਂ ਨੂੰ ਬੀਜੀਆਂ ਫ਼ਸਲਾਂ ਵਿਚ ਦੀ ਲੰਘ ਕੇ ਸਸਕਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੀ ਹਾਲਤ ਦੱਸੀ ਜਾਵੇ ਤਾਂ ਕਾਫ਼ੀ ਤਰਸਯੋਗ ਹੈ ਕਿਉਂਕਿ ਨਾ ਤਾਂ ਸ਼ਮਸ਼ਾਨਘਾਟ ਦੀ ਕੋਈ ਚਾਰਦੀਵਾਰੀ ਬਣੀ ਹੋਈ ਹੈ ਤੇ ਨਾ ਹੀ ਸ਼ਮਸ਼ਾਨਘਾਟ ’ਚ ਬੈਠਣ-ਖਲੋਣ ਨੂੰ ਕੋਈ ਜਗ੍ਹਾ ਹੈ। ਇਥੋਂ ਤਕ ਕਿ ਸ਼ਮਸ਼ਾਨਘਾਟ ਵਿਚ ਪਾਣੀ ਵਾਸਤੇ ਨਲਕਾ ਤਕ ਨਹੀਂ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਮਸ਼ਾਨਘਾਟ ’ਚ ਇਕ ਕੋਠਾ ਤਕਰੀਬਨ 25 ਤੋਂ 30 ਸਾਲ ਪਹਿਲਾਂ ਦਾ ਪਿਆ ਹੋਇਆ ਹੈ ਤੇ ਉਸ ਦੀ ਵੀ ਹਾਲਤ ਤਰਸਯੋਗ ਹੈ ਜੋ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਜਿਸ ਨੂੰ ਬਣਾਉਣ ਲਈ ਉਨ੍ਹਾਂ ਕਈ ਵਾਰ ਪਿੰਡ ਦੇ ਮੋਹਤਬਰਾਂ ਤੇ ਪ੍ਰਸ਼ਾਸਨ ਨੂੰ ਕਿਹਾ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰਦਾ। ਪਿੰਡ ਦੇ ਐੱਸਸੀ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸ਼ਮਸ਼ਾਨਘਾਟ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਸ਼ਮਸ਼ਾਨਘਾਟ ਵੱਲ ਜਾਂਦੇ ਰਸਤੇ ਨੂੰ ਕਬਜ਼ਾਧਾਰੀਆਂ ਤੋਂ ਛੁਡਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ।

ਨਹੀਂ ਹੋ ਰਹੀ ਕੋਈ ਸੁਣਵਾਈ : ਸਰਪੰਚ

ਜਦੋਂ ਇਸ ਸਬੰਧੀ ਪਿੰਡ ਦੀ ਸਰਪੰਚ ਕਸ਼ਮੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਬਜ਼ਾਧਾਰੀਆਂ ਵੱਲੋਂ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਇੱਥੇ ਸ਼ਮਸ਼ਾਨਘਾਟ ਨਹੀਂ ਹੈ। ਤੁਸੀਂ ਹੋਰ ਕਿਤੇ ਜਾ ਕੇ ਆਪਣਾ ਸ਼ਮਸ਼ਾਨਘਾਟ ਲੱਭੋ। ਸਰਪੰਚ ਨੇ ਕਿਹਾ ਕਿ ਉਹ ਅੱਜ ਵੀ ਇਹੋ ਚਾਹੁੰਦੇ ਹਨ ਕਿ ਸ਼ਮਸ਼ਾਨਘਾਟ ਦਾ ਰਸਤਾ ਛੁਡਵਾ ਕੇ ਉਸ ਨੂੰ ਬਣਾਇਆ ਜਾਵੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ।

Posted By: Jagjit Singh