ਜੱਸੀ/ਪ੍ਰਤਾਪ, ਤਰਨਤਾਰਨ : ਬਿਨਾਂ ਪੁੱਛਗਿੱਛ ਕੀਤੇ ਇਕ ਨੌਜਵਾਨ ਨੂੰ ਘਰ ਕੰਮ 'ਤੇ ਰੱਖਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਕਤ ਨੌਜਵਾਨ ਮਾਲਕ ਦੇ 14 ਸਾਲਾ ਪੋਤੇ ਨੂੰ ਅਗਵਾ ਕਰ ਕੇ ਲੈ ਗਿਆ। ਇੰਨਾ ਹੀ ਨਹੀਂ ਉਕਤ ਨੌਜਵਾਨ ਅਲਮਾਰੀ ਤੋੜ ਕੇ 85 ਹਜ਼ਾਰ ਦੀ ਨਕਦੀ ਵੀ ਚੋਰੀ ਕਰ ਕੇ ਲੈ ਗਿਆ। ਪੁਲਿਸ ਨੇ ਮਾਮਲਾ ਦਰਜ ਕਰਦਿਆਂ ਮੁਲਜ਼ਮ ਦੀ ਗਿ੍ਰਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁਰਤੇਜ ਸਿੰਘ ਵਾਸੀ ਰੈਸ਼ੀਆਣਾ ਨੇ ਥਾਣਾ ਸਦਰ ਤਰਨਤਾਰਨ 'ਚ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅੰਮਿ੍ਰਤਸਰ ਦੇ ਰੇਲਵੇ ਸਟੇਸ਼ਨ ਤੋਂ ਗੋਪੀ (20) ਨਾਮੀ ਨੌਜਵਾਨ ਨੂੰ ਦੋ ਮਹੀਨੇ ਪਹਿਲਾਂ ਘਰੇਲੂ ਕੰਮਕਾਜ ਲਈ ਘਰ ਲੈ ਕੇ ਆਇਆ ਸੀ। ਉਕਤ ਨੌਜਵਾਨ ਦੇ ਘਰ ਅਤੇ ਪਿੰਡ ਆਦਿ ਬਾਰੇ ਉਸ ਨੂੰ ਕੁਝ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਗੋਪੀ ਉਸ ਦੇ 14 ਸਾਲਾ ਪੋਤੇ ਗੁਰਜਤਿੰਦਰ ਸਿੰਘ ਨੂੰ ਅਗਵਾ ਕਰ ਕੇ ਲੈ ਗਿਆ, ਇਸ ਤੋਂ ਇਲਾਵਾ ਘਰ ਦੀ ਅਲਮਾਰੀ 'ਚ ਰੱਖੇ 85 ਹਜ਼ਾਰ ਰੁਪਏ ਵੀ ਨਾਲ ਲੈ ਗਿਆ। ਥਾਣਾ ਸਦਰ ਤਰਨਤਾਰਨ ਦੇ ਮੁਖੀ ਗੁਰਬਰਿੰਦਰ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਦੀ ਸ਼ਿਕਾਇਤ 'ਤੇ ਗੋਪੀ ਨਾਮੀ ਨੌਜਵਾਨ ਖ਼ਿਲਾਫ਼ ਅਗਵਾ ਅਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਕੋਲ ਗੋਪੀ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ, ਜਿਸ ਕਾਰਨ ਉਸ ਦੇ ਹੁਲੀਏ ਤੋਂ ਉਸ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।