ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਹੈਰੋਇਨ, ਪਾਬੰਦੀਸ਼ੁਦਾ ਦਵਾਈਆਂ ਅਤੇ ਨਜਾਇਜ਼ ਸ਼ਰਾਬ ਦੀ ਵੱਡੀ ਮਾਤਰਾ ਵਿਚ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਮਾਮਲਿਆਂ ਵਿਚ ਅੱਧਾ ਦਰਜਨ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਦੇ ਖਿਲਾਫ ਸਬੰਧਤ ਥਾਣਿਆਂ 'ਚ ਐੱਨਡੀਪੀਐੱਸ ਅਤੇ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।

ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਏਐੱਸਆਈ ਅਮਰਬੀਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਹਰਪ੍ਰੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਜੌਹਲ ਢਾਏ ਵਾਲਾ ਨੂੰ ਪਿੰਡ ਵੇਂਈਪੂਈਂ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਏਐੱਸਆਈ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਤਿਲਕ ਰਾਜ ਪੁੱਤਰ ਮੱਸੂ ਰਾਮ ਵਾਸੀ ਫਤਿਆਬਾਦ ਨੂੰ 2140 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਕੇਸਾਂ ਦੀ ਅਗਲੀ ਜਾਂਚ ਪੁਲਿਸ ਚੌਂਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਨਰੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਦੌਰਾਨ ਜਗਰੂਪ ਸਿੰਘ ਰੂਪਾ ਪੁੱਤਰ ਮਨਜੀਤ ਸਿੰਘ ਵਾਸੀ ਕਾਲੇ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਅਗਲੀ ਜਾਂਚ ਸਬ ਇੰਸਪੈਕਟਰ ਬਚਿੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸਰਬਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਜੌਹਲ ਢਾਏ ਵਾਲਾ, ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਰਸਾਲ ਸਿੰਘ ਪੁੱਤਰ ਸਵਰਨ ਸਿੰਗ ਵਾਸੀ ਚੋਹਲਾ ਸਾਹਿਬ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਕੁਲਵੰਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਠੱਠੀਆਂ ਮਹੰਤਾਂ ਨੂੰ 6750, 6750, 6750 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਕ੍ਰਮਵਾਰ ਏਐੱਸਆਈ ਸਵਿੰਦਰ ਸਿੰਘ, ਹੈੱਡ ਕਾਂਸਟੇਬਲ ਜਤਿੰਦਰ ਸਿੰਘ ਅਤੇ ਏਐੱਸਆਈ ਰਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Posted By: Tejinder Thind