ਬੱਲੂ ਮਹਿਤਾ, ਪੱਟੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਝੰਡੇ ਹੇਠ ਐੱਸਡੀਐੱਮ ਦਫ਼ਤਰ ਪੱਟੀ ਅੱਗੇ ਅਣਮਿੱਥੇ ਸਮੇਂ ਲਈ ਲੱਗਾ ਮੋਰਚਾ ਦੂਸਰੇ ਦਿਨ ਵਿਚ ਦਾਖਲ ਹੋ ਗਿਆ ਹੈ। ਜਿਸ ਵਿਚ ਰੂਪ ਸਿੰਘ ਸੈਦੋ, ਹਰਵਿੰਦਰ ਸਿੰਘ ਆਸਲ, ਚਾਨਣ ਸਿੰਘ ਬੰਗਲਾ ਰਾਏ, ਜੁਗਰਾਜ ਸਿੰਘ ਸਭਰਾ, ਗੁਰਜੰਟ ਸਿੰਘ ਭੱਗੂਪੁਰ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਧਰਨੇ 'ਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਭੇਜ ਸਿੰਘ ਧਾਰੀਵਾਲ, ਤਰਸੇਮ ਸਿੰਘ ਧਾਰੀਵਾਲ ਨੇ ਦੱਸਿਆ ਕਿ ਲੋਕਾਂ ਦੇ ਮਸਲੇ ਹੱਲ ਨਾ ਹੋਣ ਕਰਕੇ ਲੋਕ ਧਰਨੇ 'ਤੇ ਬੈਠਣ ਲਈ ਮਜ਼ਬੂਰ ਹਨ, ਪਰ ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸਾ ਵੱਟਦਾ ਨਜ਼ਰ ਆ ਰਿਹਾ ਹੈ ਤੇ ਟਾਲਮਟੋਲ ਦੀ ਨੀਤੀ ਅਪਣਾ ਰਿਹਾ ਹੈ।

ਕਿਸਾਨ ਆਗੂਆਂ ਨੇ ਦੱਸਿਆ ਕੇ ਪਿੰਡ ਭੱਗੂਪੁਰ, ਸੰਗਵ ਆਦਿ ਪਿੰਡਾਂ ਕੋਲੋਂ ਲੰਘਦੀ ਸੜਕ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਰੋਜ਼ਾਨਾ ਸੜਕ ਦੁਰਘਟਾਵਾਂ ਹੋ ਰਹੀਆਂ ਹਨ। ਇਸੇ ਤਰਾਂ੍ਹ ਪੱਟੀ ਤੋ ਖੇਮਕਰਨ ਰੋਡ ਵਿਚ ਬਣਿਆ ਡਿਵਾਈਡਰ ਤੇ ਸੜਕ 'ਚ ਪਏ ਟੋਏ, ਰੁੱਖ ਤੇ ਬਿਜਲੀ ਦੇ ਖੰਭੇ ਆਦਿ ਮੌਤ ਨੂੰ ਸੱਦਾ ਦੇ ਰਹੇ ਹਨ। ਜਦੋਂਕਿ ਸੀਤੋ ਨੋ ਬਾਦ ਕੋਲੋਂ ਲੰਘਦੀ ਰੋਹੀ ਦੀ ਖਲਾਈ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਕਿਉਂਕਿ ਅਜੇ ਤਕ ਕੋਈ ਵੀ ਅਫ਼ਸਰ ਸੀਤੋ ਨੋ ਬਾਦ ਰੋਹੀ ਦਾ ਮੌਕਾ ਦੇਖਣਾ ਨਹੀਂ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਰੋਹੀ ਦਾ ਮਸਲਾ ਕਈ ਸਾਲਾ ਤੋਂ ਚਲਦਾ ਆ ਰਿਹਾ, ਪਰ ਹਾਲੇ ਤਕ ਹੱਲ ਨਹੀਂ ਹੋਇਆ। ਪਰ ਹੁਣ ਲੋਕ ਇਨਾਂ੍ਹ ਮਸਲਿਆਂ ਨੂੰ ਹੱਲ ਕਰਵਾਉਣ ਦਾ ਮਨ ਬਣਾ ਚੁੱਕੇ ਹਨ।

ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕੇ ਜਥੇਬੰਦਕ ਲੋਕਾਂ ਦਾ ਸੜਕਾਂ 'ਤੇ ਬੈਠਣ ਦਾ ਸ਼ੌਕ ਨਹੀਂ ਮਜਬੂਰੀ ਹੈ। ਜੇਕਰ ਪ੍ਰਸ਼ਾਸਨ ਨੇ ਇਸੇ ਤਰਾਂ੍ਹ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਉਨਾਂ੍ਹ ਨੂੰ ਸੰਘਰਸ਼ ਤੇਜ਼ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੁਖਚੈਨ ਸਿੰਘ ਪੱਟੀ, ਬਲਕਾਰ ਸਿੰਘ ਸਭਰਾ, ਅਮਰਜੀਤ ਸਿੰਘ, ਸਰਵਣ ਸਿੰਘ ਸੀਤੋ, ਡਾ. ਹੀਰਾ ਸਿੰਘ ਚੂਸਲੇਵੜ, ਸਾਬ ਸਿੰਘ ਠੱਕਰਪੁਰਾ, ਬਾਜ ਸਿੰਘ, ਜਰਨੈਲ ਸਿੰਘ ਧਾਰੀਵਾਲ, ਮੱਲ ਸਿੰਘ, ਮਹਿਤਾਬ ਸਿੰਘ ਸੰਗਵ, ਸੁਖਵੰਤ ਸਿੰਘ ਪੱਟੀ, ਸੁਖਬੀਰ ਸਿੰਘ ਪੱਟੀ, ਦਿਲਬਾਗ ਸਿੰਘ ਭੱਗੂਪੁਰ, ਰਪਿੰਦਰ ਸਿੰਘ ਬੰਗਲਾ ਰਾਏ, ਦਲਜੀਤ ਸਿੰਘ ਹਰੀਕੇ, ਕਿਰਪਾਲ ਸਿੰਘ ਬੁਰਜ ਪੂਹਲਾ, ਰੋਸ਼ਨ ਸਿੰਘ, ਸਰਬਜੀਤ ਸਿੰਘ, ਬੀਬੀ ਨਸੀਬ ਕੌਰ ਧਾਰੀਵਾਲ, ਬੀਬੀ ਜਸਬੀਰ ਕੌਰ, ਬੀਬੀ ਜਗੀਰ ਕੌਰ ਸਭਰਾ, ਬਲਵਿੰਦਰ ਕੌਰ ਸਭਰਾ, ਮਨਜੀਤ ਕੌਰ ਸੀਤੋ, ਜਸਬੀਰ ਕੌਰ ਸੀਤੋ ਆਦਿ ਹਾਜ਼ਰ ਸਨ।