ਰਾਜਨ ਚੋਪੜਾ, ਭਿੱਖੀਵਿੰਡ : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡਾਂ ’ਚ ਨਿੱਤ ਦਿਨ ਮੋਟਰਸਾਈਕਲ ਚੋਰੀ, ਲੁੱਟ ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਦਾ ਮਾਮਲਾ ਠੰਢਾ ਨਹੀਂ ਪੈ ਰਿਹਾ ਸੀ ਕਿ ਹੁਣ ਸਕੂਲਾਂ ਦੇ ਵਿਦਿਆਰਥੀਆਂ ਕੋਲ ਹਥਿਆਰਾਂ ਦੀ ਮੌਜੂਦਗੀ ਨੇ ਇਲਾਕਾ ਵਾਸੀਆਂ ਦੇ ਮੱਥੇ ’ਤੇ ਚਿੰਤਾ ਦੀ ਲਕੀਰ ਖਿੱਚ ਦਿੱਤੀ ਹੈ।

ਤਾਜ਼ਾ ਘਟਨਾ ’ਚ ਸਕੂਲ ਦੇ ਵਿਦਿਆਰਥੀ ਦੱਸੇ ਜਾਂਦੇ ਕੁਝ ਲੜਕਿਆਂ ਨੇ ਕਸਬੇ ਦੇ ਖੇਮਕਰਨ ਰੋਡ ’ਤੇ ਇਕ ਨੌਜਵਾਨ ਉੱਪਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੱਜ ਅੰਜਾਮ ਦਿੱਤਾ। ਉਕਤ ਨੌਜਵਾਨ ਫਾਇਰਿੰਗ ਕਰ ਕੇ ਫ਼ਰਾਰ ਹੋ ਗਏ ਪਰ ਪੁਲਿਸ ਦੀ ਢਿੱਲ ਮੱਠ ਦੇ ਚਲਦਿਆਂ ਅਪਰਾਧਿਕ ਅਨਸਰਾਂ ਦੀ ਵਧ ਰਹੀ ਸਰਗਰਮੀ ਕਰਕੇ ਲੋਕ ਕਾਫੀ ਪ੍ਰੇਸ਼ਾਨ ਹਨ।

ਜਾਣਕਾਰੀ ਅਨੁਸਾਰ, ਤਿੰਨ ਦਿਨ ਪਹਿਲਾਂ ਸਰਕਾਰੀ ਸਕੂਲ ਦੇ ਵਿਦਿਆਰਥੀ ਨਾਲ ਸਕੂਲ ’ਚ ਕਿਸੇ ਗੱਲ ਨੂੰ ਲੈ ਕੇ ਬਣੀ ਰਜਿੰਸ਼ ਤਹਿਤ ਦੂਜੇ ਵਿਦਿਆਰਥੀ ਤੇ ਉਸ ਦੇ ਪਿਤਾ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਵਿਚ ਲੜਕੇ ਦਾ ਪਿਤਾ ਗੰਭੀਰ ਜ਼ਖ਼ਮੀ ਹੋਇਆ ਅਤੇ ਉਸਦੀ ਇਕ ਬਾਂਹ ’ਤੇ ਕਰੀਬ 18 ਟਾਂਕੇ ਲੱਗੇ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੋਈ ਵੀ ਕਰਵਾਈ ਨਹੀਂ ਕੀਤੀ ਅਤੇ ਅੱਜ ਵੀ ਸਥਾਨਕ ਇਕ ਸਕੂਲ ਦੇ ਵਿਥਿਆਰਥੀਆਂ ਵੱਲੋਂ ਆਪਸੀ ਝਗੜੇ ਵਿਚ ਮੁੱਖ ਚੌਕ ਤੋਂ ਕੁਝ ਦੂਰੀ ਤੇ ਖੇਮਕਰਨ ਰੋਡ ਉੱਪਰ ਗੋਲੀ ਚਲਾਈ ਅਤੇ ਫਾਇਰਿੰਗ ਕਰਕੇ ਭੱਜ ਗਏ। ਜਿਸ ਕਾਰਨ ਭਿੱਖੀਵਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਭਾਂਵੇ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੋਲੀ ਚਲਾਉਣ ਵਾਲਿਆਂ ਦੀ ਭਾਲ ਕਰਨ ਦਾ ਯਤਨ ਕੀਤਾ ਪਰ ਉਕਤ ਲੜਕੇ ਪੁਲਿਸ ਦੇ ਹੱਥ ਨਾ ਲੱਗ ਸਕੇ।

ਮੌਕੇ ਉੱਪਰ ਪੁੱਜੇ ਏਐੱਸਆਈ ਮੇਜਰ ਸਿੰਘ ਨਾਲ ਜਦੋਂ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀ ਚਲਾਉਣ ਵਾਲਿਆਂ ਦਾ ਜਲਦ ਪਤਾ ਲਗਾ ਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਭਿੱਖੀਵਿੰਡ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ’ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਪਰ ਪੁਲਿਸ ਪ੍ਰਸ਼ਾਸਨ ਇਸ ਗੁੰਡਾਗਰਦੀ ’ਤੇ ਨਿਕੇਲ ਕੱਸਣ ਵਿਚ ਪੂਰੀ ਤਰ੍ਹਾਂ ਨਾ ਨਾਕਾਮਯਾਬ ਹੈ ਜਾਂ ਫਿਰ ਇਸ ਨੂੰ ਨੱਥ ਪਾਉਣ ’ਚ ਪੁਲਿਸ ਦਿਲਚਸਪੀ ਨਹੀਂ ਲੈ ਰਹੀ। ਇਸ ਕਰਕੇ ਇਲਾਕੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਹਾਈ ਅਲਰਟ ਦੇ ਬਾਵਜੂਦ ਨਾਕਿਆਂ ’ਤੇ ਨਹੀਂ ਦਿਖਾਈ ਦਿੰਦੀ ਪੁਲਿਸ

ਪੰਜਾਬ ਵਿਚ ਅੱਤਵਾਦੀ ਸਰਗਰੀਆਂ ਵਧਣ ਦੇ ਚਲਦਿਆਂ ਸੂਬੇ ’ਚ ਹਾਈ ਅਲਰਟ ਕੀਤਾ ਹੋਇਆ ਹੈ। ਪੁਲਿਸ ਮੁਤਾਬਿਕ ਵਿਸ਼ੇਸ਼ ਟੀਮਾਂ ਵੱਲੋਂ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸਦੇ ਉਲਟ ਕਸਬੇ ਵਿਚ ਹਾਈ ਅਲਰਟ ਦੇ ਬਾਵਜੂਦ ਕੋਈ ਨਾਕਾ ਦਿਖਾਈ ਨਹੀਂ ਦਿੰਦਾ। ਸ਼ਾਮ ਸਮੇਂ ਭਿੱਖੀਵਿੰਡ ਵਿਚ ਗੋਲੀਬਾਰੀ ਦੀ ਘਟਨਾ ਵਾਪਰਣ ਦੇ ਬਾਵਜੂਦ ਰਾਤ ਵੇਲੇ ਭਿੱਖੀਵਿੰਡ ਦੇ ਮੁੱਖ ਚੌਂਕ ਵਿਚ ਕੋਈ ਪੁਲਿਸ ਕਰਮਚਾਰੀ ਦਿਖਾਈ ਨਹੀਂ ਦਿੱਤਾ।

Posted By: Jagjit Singh